ਨਸ਼ਾ ਮੁਕਤੀ ਕੇਂਦਰ ਵਿਖੇ ਨਸ਼ਾ ਪੀੜਤਾਂ ਤੋਂ ਇਲਾਵਾ ਮਾਨਸਿਕ ਤੌਰ ‘ਤੇ ਬਿਮਾਰ ਮਰੀਜ਼ ਵੀ ਆਪਣਾ ਇਲਾਜ ਕਰਵਾ ਕੇ ਠੀਕ ਹੋ ਰਹੇ

ਨਸ਼ਾ ਮੁਕਤੀ ਕੇਂਦਰ ਵਿਖੇ ਨਸ਼ਾ ਪੀੜਤਾਂ ਤੋਂ ਇਲਾਵਾ ਮਾਨਸਿਕ ਤੌਰ ‘ਤੇ ਬਿਮਾਰ ਮਰੀਜ਼ ਵੀ ਆਪਣਾ ਇਲਾਜ ਕਰਵਾ ਕੇ ਠੀਕ ਹੋ ਰਹੇ
ਨਸ਼ਾ ਮੁਕਤੀ ਕੇਂਦਰ ਰੂਪਨਗਰ ਵੱਲੋਂ ਐਸਡੀ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ
ਰੂਪਨਗਰ, 08 ਅਗਸਤ: ਐਸਡੀ ਸਕੂਲ ਰੂਪਨਗਰ ਵਿਖੇ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਕਾਊਂਸਲਰ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸੁਵਿਧਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿਖੇ ਕੇਵਲ ਨਸ਼ੇ ਤੋਂ ਪੀੜਿਤ ਵਿਅਕਤੀ ਹੀ ਨਹੀਂ, ਬਲਕਿ ਮਾਨਸਿਕ ਤੌਰ ਤੇ ਬਿਮਾਰ ਮਰੀਜ਼ ਵੀ ਆਪਣਾ ਇਲਾਜ ਕਰਵਾ ਕੇ ਠੀਕ ਹੋ ਰਹੇ ਹਨ।
ਉਨ੍ਹਾਂ ਵਿਦਿਆਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਕਿਸੇ ਵੀ ਰੂਪ ਵਿੱਚ ਹੋਵੇ ਉਹ ਬਹੁਤ ਨਿੰਦਣਯੋਗ ਹੈ। ਇਸ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਿਲਕੁਲ ਪੱਛੜ ਜਾਂਦੇ ਹਾਂ। ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਸਰੀਰ ’ਤੇ, ਮਨ ਤੇ ਫਿਰ ਪਰਿਵਾਰ ‘ਤੇ ਪੈਦਾ ਹੈ ਤੇ ਹੌਲੀ-ਹੌਲੀ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਨੂੰ ਛੱਡ ਕੇ ਫਲ, ਸਬਜ਼ੀਆਂ, ਦੁੱਧ, ਦਹੀਂ ਆਦਿ ਦੀ ਨਿਯਮਿਤ ਵਰਤੋਂ ਕਰੋ। ਨਸ਼ਾ ਵੰਡਣ ਵਾਲਿਆਂ ਤੇ ਕਰਨ ਵਾਲਿਆਂ ਤੋਂ ਦੂਰ ਰਹੋ। ਆਓ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੋ। ਆਓ ਨਸ਼ੇ ਛੱਡ ਕੇ ਸਾਫ਼-ਸੁਥਰੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਈਏ। ਮਨੁੱਖੀ ਜਨਮ ਵਿਰਲਿਆਂ ਨੂੰ ਮਿਲਦਾ ਹੈ, ਆਓ ਖ਼ੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਿਆਂ ਰਹਿਤ ਰਹਿ ਕੇ ਅਨੰਦ ਮਨਾਈਏ।
ਇਸ ਮੌਕੇ ਉਨ੍ਹਾਂ ਵੱਲੋਂ ਟੈਲੀਮਾਨਸ ਐਪ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਟੈਲੀਮਾਨਸ ਨੰਬਰ 14416, 18008914416 ਵੀ ਨੋਟ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣਾ ਸਹਿਯੋਗ ਵੀ ਦਿੱਤਾ ਤੇ ਵੱਧ ਚੜ ਕੇ ਹਿੱਸਾ ਵੀ ਲਿਆ। ਇਸ ਕੈਂਪ ਦੇ ਦੌਰਾਨ ਮੈਨੇਜਰ ਰਾਜੀਵ ਅਤੇ ਕਾਊਂਸਲਰ ਸਮੇਧਾ ਵੀ ਹਾਜ਼ਰ ਸਨ।