ਡੀ ਸੀ ਨੇ ਸਿਹਤ ਵਿਭਾਗ ਨੂੰ ਨਸ਼ਾ ਵਿਰੋਧੀ ਮੁਹਿੰਮ ਪਿੰਡ-ਪਿੰਡ ਪਹੁੰਚਾਉਣ ਦੇ ਦਿੱਤੇ ਹੁਕਮ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡੀ ਸੀ ਨੇ ਸਿਹਤ ਵਿਭਾਗ ਨੂੰ ਨਸ਼ਾ ਵਿਰੋਧੀ ਮੁਹਿੰਮ ਪਿੰਡ-ਪਿੰਡ ਪਹੁੰਚਾਉਣ ਦੇ ਦਿੱਤੇ ਹੁਕਮ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ‘ਚ ਮਰੀਜ਼ਾਂ ਨੂੰ ਮਿਲ ਰਹੀਆਂ ਇਲਾਜ ਸੇਵਾਵਾਂ ਦੀ ਸਮੀਖਿਆ ਕੀਤੀ
ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਤੇ ਹਾਂ-ਪੱਖੀ ਕਾਊਂਸਲਿੰਗ ਉੱਤੇ ਜ਼ੋਰ ਦੇਣ ਲਈ ਕਿਹਾ
ਰੂਪਨਗਰ, 3 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਪਿੰਡ-ਪਿੰਡ ਪਹੁੰਚਾਉਣ ਦੇ ਹੁਕਮ ਦਿੱਤੇ ਜਿਸ ਤਹਿਤ ਨਸ਼ੇ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਹਰ ਪੱਧਰ ਉੱਤੇ ਇਲਾਜ ਸੇਵਾਵਾਂ ਮੁੱਹਈਆ ਕਰਵਾਉਣਾ ਹੈ।
ਇਸ ਸੰਬੰਧੀ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਵਿਆਪਕ ਪੱਧਰ ਉਤੇ ਨਸ਼ਾ ਤਸਕਰਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਅੱਜ ਸਮੇ ਦੀ ਲੋੜ ਹੈ ਕਿ ਨਸ਼ਾ ਪੀੜਤਾਂ ਨੂੰ ਇਸ ਦਲਦਲ ਤੋਂ ਕੱਢਣ ਲਈ ਸਿਹਤ ਵਿਭਾਗ ਨੌਜਵਾਨਾਂ ਦਾ ਇਲਾਜ ਕਰਕੇ ਮੁੜ੍ਹ ਤੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰੇ।
ਉਨ੍ਹਾਂ ਸਿਵਲ ਸਰਜਨ ਡਾ. ਤਰਸੇਮ ਸਿੰਘ ਨੂੰ ਸਿਵਲ ਹਸਪਤਾਲ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਤੇ ਹਾਂ-ਪੱਖੀ ਕਾਊਂਸਲਿੰਗ ਉੱਤੇ ਜ਼ੋਰ ਦੇਣ ਲਈ ਕਿਹਾ ਤਾਂ ਜੋ ਮਰੀਜ਼ ਵਿਚ ਨਸ਼ਾ ਛੱਡਣ ਲਈ ਆਤਮ-ਵਿਸ਼ਵਾਸ ਪੈਦਾ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਇਲਾਜ ਸੇਵਾਵਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਕਾਊਂਸਲਿੰਗ ਕੀਤੀ ਜਾਵੇ ਤਾਂ ਜੋ ਮਰੀਜ਼ ਦੀ ਘਰ ਜਾ ਕੇ ਵੀ ਚੰਗੀ ਤਰ੍ਹਾਂ ਸਿਹਤ ਸੰਭਾਲ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਨਸ਼ਾ ਇਕ ਤਰ੍ਹਾਂ ਦਾ ਮਾਨਸਿਕ ਰੋਗ ਹੁੰਦਾ ਹੈ ਪਰ ਇਸ ਤੋਂ ਹਿੰਮਤ ਅਤੇ ਚੰਗੇ ਇਲਾਜ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਬਸ਼ਰਤੇ ਕਿ ਮਰੀਜ਼ ਖ਼ੁਦ ਆਪ ਨਸ਼ਾ ਛੱਡਣ ਦਾ ਇੱਛੁਕ ਹੋਵੇ ਜੋ ਕਿ ਕੌਂਸਲਿੰਗ ਨਾਲ ਸੰਭਵ ਹੈ।
ਉਨ੍ਹਾਂ ਗੁੰਮਰਾਹ ਹੋਏ ਨੌਜਵਾਨਾਂ ਨੂੰ ਅਪੀਲ ਕਰਦੀਆਂ ਕਿਹਾ ਕਿ ਇਨਸਾਨ ਆਤਮ ਵਿਸ਼ਵਾਸ ਨਾਲ ਦੁਨੀਆ ਦਾ ਕੋਈ ਵੀ ਟੀਚਾ ਹਾਸਲ ਕਰ ਸਕਦਾ ਹੈ। ਇਸੇ ਤਰ੍ਹਾਂ ਨਸ਼ਾ ਛੱਡਣ ਲਈ ਤੁਹਾਨੂੰ ਸਿਰਫ ਦ੍ਰਿੜ ਇਰਾਦੇ ਅਤੇ ਸਹੀ ਭਾਵਨਾ ਦੀ ਲੋੜ ਹੁੰਦੀ ਹੈ। ਜਿਸ ਲਈ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰੀ ਨਸ਼ਾ ਕੇਂਦਰ ਵਿਚ ਆਪ ਸਭ ਨੂੰ ਹਰ ਲੋੜੀਂਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਸਿਵਲ ਸਰਜਨ ਡਾ. ਤਰਸੇਮ ਸਿੰਘ ਅਤੇ ਡਾ. ਕੰਵਰਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮੇ ਨਸ਼ਾ ਛੁਡਾਊ ਕੇਂਦਰ ਵਿੱਚ 7 ਮਰੀਜ਼ ਦਾਖਲ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਜਲਦ ਨਸ਼ਾ ਛੁਡਾਊ ਕੇਂਦਰ ਦੀ ਸਮਰੱਥਾ 10 ਤੋਂ 20 ਬੈੱਡ ਕਰਨ ਦੀ ਤਜਵੀਜ਼ ਭੇਜਣ ਲਈ ਕਿਹਾ ਅਤੇ ਰੋਜ਼ਾਨਾ ਕੇਂਦਰ ਦਾ ਖ਼ੁਦ ਦੌਰਾ ਕਰਕੇ ਸਮੀਖਿਆ ਕਰਨ ਦੀ ਹਿਦਾਇਤ ਕੀਤੀ।