ਡਿਪਟੀ ਕਮਿਸ਼ਨਰ ਵੱਲੋਂ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਰੋਡ ਸੇਫਟੀ ਸਬੰਧੀ ਹਦਾਇਤਾਂ ਜਾਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਰੋਡ ਸੇਫਟੀ ਸਬੰਧੀ ਹਦਾਇਤਾਂ ਜਾਰੀ
ਰੂਪਨਗਰ, 9 ਜਨਵਰੀ: ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਆਯੋਜਿਤ ਮੀਟਿੰਗ ਵਿਚ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਰੋਡ ਸੇਫਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਵੱਧ ਤੋਂ ਵੱਧ ਰੋਕਿਆ ਜਾ ਸਕੇ।
ਇਸ ਮੌਕੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਮੌਸਮ ਵਿਚ ਸੰਘਣੀ ਧੁੰਦ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ਉਤੇ ਰਿਫਲੈਕਟਰ ਲਗਾਏ ਜਾਣ ਅਤੇ ਇਨ੍ਹਾਂ ਨੂੰ ਕਾਰਜਸ਼ੀਲ ਕਰਨਾ ਯਕੀਨੀ ਕੀਤਾ ਜਾਵੇ।
ਉਨ੍ਹਾਂ ਸੰਬੰਧਿਤ ਵਿਭਾਗ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਤਲੁਜ ਨਹਿਰ ਤੋਂ ਲੈਕੇ ਪਾਵਰ ਕਲੋਨੀ ਤੱਕ ਸੜਕ ਉਤੇ ਚਿੱਟੀ ਲਾਈਨ ਮੁੜ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਉੱਤੇ ਹਰ 4 ਕਿਲੋਮੀਟਰ ਦੇ ਫਰਕ ਨਾਲ ਸਾਈਨ ਅਤੇ ਆਵਾਜਾਈ ਸਬੰਧੀ ਹੋਰ ਬੋਰਡ ਲਗਾਏ ਜਾਣ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਟੀ ਇੰਡਿਆ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਾਈ ਰਿਸਕ ਏਰੀਏ ਜਿੱਥੇ ਅਕਸਰ ਸੜਕ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਉਨ੍ਹਾਂ ਜਗ੍ਹਾ ਉਤੇ ਰਿਫਲੈਕਟਰ ਤੇ ਲਾਈਟਾਂ ਚਲਾਉਣੀਆਂ 100 ਫੀਸਦ ਯਕੀਨੀ ਕੀਤਾ ਜਾਵੇ ਤਾਂ ਜੋ ਧੁੰਦ ਦੇ ਮੌਸਮ ਵਿਚ ਲੋਕਾਂ ਦੀ ਜਾਨੀ ਮਾਲੀ ਸੁਰੱਖਿਆ ਕੀਤੀ ਜਾ ਸਕੇ।
ਇਸੇ ਮੌਕੇ ਉਨ੍ਹਾਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਲਈ ਸੈਮੀਨਾਰ ਲਗਾਏ ਜਾਣ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਮੀਟਿੰਗ ਦੌਰਾਨ ਆਰ ਟੀ ਓ ਗੁਰਵਿੰਦਰ ਸਿੰਘ ਜੌਹਲ ਨੇ ਜਾਣਾਕਰੀ ਦਿੰਦਿਆ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਰੇਡ ਸੇਫਟੀ ਅਧੀਨ 29 ਲੱਖ ਰੁਪਏ ਦੇ ਕਰੀਬ ਦੇ ਚਲਾਨ ਕੱਟੇ ਗਏ।
ਉਨ੍ਹਾਂ ਪੁਲਿਸ ਵਿਭਾਗ ਨੂੰ ਮੁੱਖ ਸੜਕਾਂ ਉਤੇ ਲਗਾਈਆ ਗਈਆਂ ਰੇਹੜੀਆਂ ਨੂੰ ਸੜਕ ਤੋਂ ਪਿੱਛੇ ਹਟਾਉਣ ਲਈ ਆਦੇਸ਼ ਦਿੱਤੇ ਗਏ ਹਨ ਅਤੇ ਟ੍ਰੈਫਿਕ ਵਿੰਗ ਸੈਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ ਰੂਪਨਗਰ ਸਚਿਨ ਪਾਠਕ, ਡੀ.ਐਸ.ਪੀ ਮੋਹਿਤ ਕੁਮਾਰ ਸਿੰਘਲਾ, ਐਕਸੀਨ ਨੈਸ਼ਨਲ ਹਾਈਵੇ ਸੰਦੀਪ ਕੁਮਾਰ, ਏਟੀਓ ਸਰਬਜੀਤ ਸਿੰਘ, ਪੰਜਾਬ ਰੋਡਵੇਜ਼ ਤੋਂ ਨਿਰੰਕਾਰ ਸਿੰਘ, ਐਕਸੀਅਨ ਲ਼ੋਕ ਨਿਰਮਾਣ ਵਿਭਾਗ ਵਿਵੇਕ ਦੁਰੇਜਾ ਅਤੇ ਹੋਰ ਸਬੰਧਿਤ ਅਧਿਕਾਰੀ ਹਾਜ਼ਰ ਸਨ।