ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦਾ ਕੀਤਾ ਗਿਆ ਆਗਾਜ਼
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦਾ ਕੀਤਾ ਗਿਆ ਆਗਾਜ਼
ਭਵਿੱਖ ‘ਚ ਸਭ ਨੂੰ ਸਿਹਤਮੰਦ ਰੱਖਣ ਲਈ ਟੀਬੀ ਮੁਕਤ ਭਾਰਤ ਇੱਕ ਮਹੱਤਵਪੂਰਨ ਕਦਮ – ਡਿਪਟੀ ਕਮਿਸ਼ਨਰ
ਰੂਪਨਗਰ, 7 ਦਸੰਬਰ: ਭਾਰਤ ਵਿੱਚ ਟੀਬੀ (ਤਪਦਿਕ) ਸਿਹਤ ਸੰਬੰਧੀ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਹੈ। ਭਾਰਤ ਵਿੱਚ ਟੀਬੀ ਦੇ ਮਾਮਲੇ ਵੱਡੀ ਗਿਣਤੀ ਵਿੱਚ ਪਾਏ ਜਾਂਦੇ ਹਨ ਅਤੇ ਸਰਕਾਰ ਇਸ ਬਿਮਾਰੀ ਨੂੰ ਮੁਕਾਊਣ ਲਈ ਵਚਨਬੱਧ ਹੈ। ਇਸ ਮਕਸਦ ਦੀ ਪੂਰਤੀ ਲਈ ਸੌ ਦਿਨਾਂ ਦੀ ਟੀਬੀ ਮੁਹਿੰਮ ਚਲਾਈ ਗਈ ਹੈ ਜੋ ਸਮੂਹਿਕ ਜਾਗਰੂਕਤਾ, ਰੋਕਥਾਮ, ਅਤੇ ਇਲਾਜ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦਾ ਆਗਾਜ਼ ਕਰਨ ਮੌਕੇ ਕੀਤਾ ਗਿਆ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਹ ਮੁਹਿੰਮ ਕੇਂਦਰ ਸਰਕਾਰ ਅਤੇ ਸਾਰੇ ਰਾਜਾਂ ਦੀ ਸਾਂਝੀ ਕੋਸ਼ਿਸ਼ ਹੈ। ਇਸ ਦਾ ਮੁੱਖ ਉਦੇਸ਼ ਟੀਬੀ ਦੇ ਨਵੇਂ ਪੀੜਤਾਂ ਦੀ ਪਛਾਣ ਕਰਨੀ, ਪੀੜਤਾਂ ਨੂੰ ਇਲਾਜ ਮੁਹੱਈਆ ਕਰਵਾਉਣਾ ਅਤੇ ਟੀਬੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਰੂਪਨਗਰ ਜ਼ਿਲ੍ਹੇ ਵਿੱਚ ਵੀ ਇਹ ਮੁਹਿੰਮ ਅਗਲੇ 100 ਦਿਨ ਤੱਕ ਲਗਾਤਾਰ ਚਲਾਈ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਮੁੱਖ ਉਦੇਸ਼ ਟੀਬੀ ਦੀ ਪਛਾਣ ਤੇ ਨਿਦਾਨ ਜਿਸ ਵਿੱਚ ਸੌ ਦਿਨਾਂ ਦੇ ਦੌਰਾਨ ਟੀਬੀ ਦੇ ਮਾਮਲੇ ਖੋਜਣ ਲਈ ਕਮਜੋਰ ਵਰਗ ਦੇ ਲੋਕਾਂ ਦਾ ਸਰਵੇ ਕਰਵਾਇਆ ਜਾਵੇਗਾ, ਸਿਹਤ ਕਰਮੀਆ ਅਤੇ ਆਸ਼ਾ ਵਰਕਰਾਂ ਦੁਆਰਾ ਖਾਸ ਤੌਰ ‘ਤੇ ਟੀਬੀ ਦੇ ਆਲਾਮਤਾਂ ਵਾਲੇ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਲੋਕਾਂ ਨੂੰ ਖੰਘ (ਕਾਫ਼) ਦੋ ਹਫ਼ਤਿਆਂ ਤੋਂ ਜ਼ਿਆਦਾ ਹੈ, ਉਨ੍ਹਾਂ ਦੇ ਨਮੂਨੇ ਇਕੱਠੇ ਕਰਕੇ ਟੈਸਟ ਕੀਤੇ ਜਾਣਗੇ। ਇਸ ਦੇ ਨਾਲ ਹੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਜਿਸ ਵਿੱਚ ਟੀਬੀ ਬਾਰੇ ਸਮਾਜ ਵਿੱਚ ਮੌਜੂਦ ਗਲਤ ਫਹਿਮੀਆਂ ਨੂੰ ਦੂਰ ਕਰਨਾ, ਟੀਬੀ ਸੰਬੰਧੀ ਸੂਚਨਾ ਸਾਡੇ ਪਿੰਡਾਂ, ਕਸਬਿਆਂ, ਅਤੇ ਸ਼ਹਿਰਾਂ ਵਿੱਚ ਪਹੁੰਚਾਉਣ ਲਈ ਰੈਲੀਆਂ, ਗਰਾਮ ਸਭਾਵਾਂ ਅਤੇ ਸਮੁਦਾਇਕ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਰੇਡੀਓ, ਟੀਵੀ, ਸਮਾਰਟਫੋਨ ਐਪਲੀਕੇਸ਼ਨ ਅਤੇ ਸਮਾਜਿਕ ਮੀਡੀਆ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਟੀਬੀ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੈ ਇਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਇਹ ਹੈ ਕਿ ਜ਼ਿਆਦਾਤਰ ਪਿੰਡ ਅਤੇ ਕਸਬੇ ਟੀਬੀ ਤੋਂ ਮੁਕਤ ਘੋਸ਼ਿਤ ਹੋਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਵੱਛਤਾ ਅਤੇ ਪੋਸ਼ਣ ਉੱਤੇ ਵਧੇਰੇ ਧਿਆਨ ਦਿੱਤਾ ਜਾਵੇ।
ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਸਫਲਤਾ ਦੀ ਸ਼੍ਰੇਣੀ ਸਵਾਸਥ ਸੇਵਾਵਾਂ ਦੇ ਕਰਮਚਾਰੀਆਂ ਉੱਤੇ ਨਿਰਭਰ ਕਰਦੀ ਹੈ। ਆਸ਼ਾ ਵਰਕਰ, ਏਐਨਐਮ ਅਤੇ ਡਾਕਟਰ ਸਮਾਜ ਦੇ ਹਰੇਕ ਵਰਗ ਤੱਕ ਪਹੁੰਚ ਕਰਨਗੇ। ਇਨ੍ਹਾਂ ਦਾ ਕੰਮ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਟੀਬੀ ਦੇ ਇਲਾਜ ਦੇ ਸਫਲਤਾ ਦਰ ਨੂੰ ਵਧਾਉਣਾ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਗਾਤਾਰ ਖੰਘ, ਭੁੱਖ ਵਿੱਚ ਕਮੀ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਉਹ ਤੁਰੰਤ ਸਵਾਸਥ ਕੇਂਦਰ ਜਾ ਕੇ ਆਪਣੀ ਜਾਂਚ ਕਰਵਾਏ।
ਜ਼ਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮਾਂ ਹੁਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੰਬੰਧਿਤ ਸਟਾਫ ਦੀ ਜਰੂਰੀ ਟ੍ਰੇਨਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਹੀ ਸਫਲ ਹੋਵੇਗੀ ਜਦੋਂ ਸਰਕਾਰ, ਗੈਰ ਸਰਕਾਰੀ ਸੰਗਠਨ, ਮੀਡੀਆ ਅਤੇ ਜਨਤਾ ਇਕੱਠੇ ਮਿਲ ਕੇ ਕੰਮ ਕਰਨਗੇ। ਸਾਨੂੰ ਟੀਬੀ ਨੂੰ ਸਮਾਜਿਕ ਕੋੜ ਬਣਾ ਕੇ ਨਹੀਂ ਦੇਖਣਾ ਚਾਹੀਦਾ, ਬਲਕਿ ਇਸ ਦਾ ਸਮੁਚਿਤ ਇਲਾਜ ਕਰਨਾ ਚਾਹੀਦਾ ਹੈ।
ਇਸ ਮੌਕੇ ਹਲਕਾ ਵਿਧਾਇਕ ਵੱਲੋਂ ਨੁਮਾਇੰਦੇ ਦੇ ਤੌਰ ਤੇ ਪਹੁੰਚੇ ਭਾਗ ਸਿੰਘ ਮਦਾਨ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਉਦਘਾਟਨੀ ਪ੍ਰੋਗਰਾਮ ਦੌਰਾਨ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਟੀਬੀ ਸਬੰਧੀ ਜਾਗਰੂਕਤਾ ਹਿੱਤ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆ ਵਿਦਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਸੂਚਨਾ ਅਫਸਰ ਮੈਡਮ ਰਾਜ ਰਾਣੀ, ਸਮੂਹ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਅਮਨਦੀਪ ਸਿੰਘ, ਸ਼ਿਵ ਕੁਮਾਰ, ਤੇਜਿੰਦਰ ਸਿੰਘ ਤੇਜ, ਪ੍ਰਵੀਨ ਕੁਮਾਰ, ਗੌਰਵ ਕਪੂਰ, ਇੰਦਰਜੀਤ ਸਿੰਘ, ਕਿਰਨਦੀਪ ਸੈਣੀ ਸਮੂਹ ਬਲਾਕਾਂ ਦਾ ਟੀਬੀ ਕਲੀਨਿਕ ਦਾ ਸਟਾਫ ਅਤੇ ਓਟ ਕਲੀਨਿਕ ਦੇ ਕਰਮਚਾਰੀ ਹਾਜ਼ਰ ਸਨ।