ਡਿਪਟੀ ਕਮਿਸ਼ਨਰ ਵੱਲੋਂ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਦੇ ਗਰੁੱਪ ਬਣਾ ਕੇ ਕਾਊਂਸਲਿੰਗ ਕਰਨ ਦੀ ਹਦਾਇਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਦੇ ਗਰੁੱਪ ਬਣਾ ਕੇ ਕਾਊਂਸਲਿੰਗ ਕਰਨ ਦੀ ਹਦਾਇਤ
ਰੂਪਨਗਰ, 6 ਜੁਲਾਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਸ਼ਾ-ਛੁਡਾਊ ਪ੍ਰੋਗਰਾਮ ਅਧੀਨ ਇਲਾਜ ਕੇਂਦਰਾਂ ਅਤੇ ਓਟ ਕਲੀਨਿਕਾਂ ‘ਤੇ ਨਸ਼ਾ ਪੀੜਤਾਂ ਦੇ ਗਰੁੱਪ ਬਣਾ ਕੇ ਕਾਊਂਸਲਿੰਗ ਸੇਵਾਵਾਂ ਦੇਣ ਦੀ ਹਦਾਇਤ ਜਾਰੀ ਕੀਤੀ।ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਇਲਾਜ ਦੇ ਨਾਲ ਨਾਲ ਮਰੀਜਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੀ ਵੀ ਲੋੜ ਪੈਂਦੀ ਹੈ ਜਿਸ ਲਈ ਇਹ ਜ਼ਰੂਰੀ ਹੈ ਕਿ ਡਾਕਟਰਾਂ ਤੋਂ ਇਲਾਵਾ, ਇਨ੍ਹਾਂ ਕਾਊਂਸਲਿੰਗ ਸੈਸ਼ਨ ਵਿੱਚ ਨਸ਼ਾ ਛੱਡ ਚੁੱਕੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਉੱਤੇ ਬੁਲਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜਿਲਾ ਪ੍ਰਸ਼ਾਸਨ ਵਲੋਂ ਪ੍ਰੋਜੈਕਟ ‘ਉਮੀਦ’ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਰਜਿਸਟਰਡ ਹੋਏ ਵਿਅਕਤੀਆਂ ਨੂੰ ਮੁਫ਼ਤ ਹੁਨਰ ਵਿਕਾਸ ਸਿੱਖਿਆ ਨਾਲ ਸਬੰਧਤ ਕੋਰਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਇਸ ਦੌਰਾਨ ਸਿੱਖਿਆ ਹਾਸਲ ਕਰਨ ਵਾਲਿਆਂ ਨੂੰ ਭੱਤਾ ਅਤੇ ਭੋਜਨ ਦੀ ਵੀ ਤਜ਼ਵੀਜ਼ ਰੱਖੀ ਗਈ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਸ਼ਾ-ਛੁਡਾਊ ਪ੍ਰੋਗਰਾਮ ਅਧੀਨ ਕੇਂਦਰਾਂ ਅਤੇ ਓਟ ਕਲੀਨਿਕਾਂ ਦੇ ਵਿਚ ਕਾਊਂਸਲਿੰਗ ਸੈਸ਼ਨ ਨੂੰ ਯਕੀਨੀ ਕੀਤਾ ਜਾਵੇ ਅਤੇ ਮਰੀਜ਼ਾਂ ਤੇ ਦਵਾਈਆਂ ਦਾ ਰਿਕਾਰਡ ਚੈੱਕ ਨਿਯਮਤ ਤੌਰ ਉਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵੀ ਲਾਜ਼ਮੀ ਹੈ ਕਿ ਜਿਹੜੇ ਮਰੀਜ਼ ਕਿਸੇ ਕਾਰਨ ਇਲਾਜ ਨੂੰ ਵਿਚਕਾਰ ਹੀ ਛੱਡ ਰਹੇ ਹਨ ਉਨ੍ਹਾਂ ਨਾਲ ਸੰਪਰਕ ਕਰਕੇ ਮੁੜ੍ਹ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੀਕ ਹੋਏ ਮਰੀਜ਼ਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਿਨ੍ਹਾਂ ਜਿੰਦਗੀ ਬਤੀਤ ਕਰਨ ਦੇ ਲਈ ਵੀ ਪ੍ਰੇਰਨਾ ਦੀ ਲੋੜ ਪੈਂਦੀ ਹੈ ਤਾਂ ਜੋ ਕਿਤੇ ਉਹ ਗਲਤੀ ਨਾਲ ਵੀ ਫਿਰ ਮੁੜ ਤੋਂ ਨਸ਼ੇ ਕਰਨਾ ਨਾ ਸ਼ੁਰੂ ਕਰ ਦੇਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਕਾਊਂਸਲਿੰਗ ਲਈ ਵੀ ਰੂਪ-ਰੇਖਾ ਤਿਆਰ ਕੀਤੀ ਜਾਵੇ ਅਤੇ ਸਵੈ-ਇਛੁੱਕ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸ ਮੀਟਿੰਗ ਵਿਚ ਸਿਵਲ ਸਰਜਨ ਡਾ ਪਰਮਿੰਦਰ ਕੁਮਾਰ, ਡਿਪਟੀ ਮੈਡੀਕਲ ਅਫ਼ਸਰ ਦਾ ਬਲਦੇਵ ਸਿੰਘ, ਡੀ ਐਸ ਪੀ ਨਰਿੰਦਰ ਚੌਧਰੀ, ਜਿਲਾ ਸਮਾਜਿਕ ਸੁਰੱਖਿਆ ਅਫ਼ਸਰ ਅੰਮ੍ਰਿਤ ਕੁਮਾਰੀ ਅਤੇ ਡਾ ਸਾਹਿਬਾਨ ਹਾਜ਼ਰ ਸਨ।