ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੀ ਰੋਪੜ ਦੀ ਸਫ਼ਾਈ ਮੁਹਿੰਮ ਜੰਗੀ ਪੱਧਰ ‘ਤੇ ਜਾਰੀ

ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੀ ਰੋਪੜ ਦੀ ਸਫ਼ਾਈ ਮੁਹਿੰਮ ਜੰਗੀ ਪੱਧਰ ‘ਤੇ ਜਾਰੀ
ਰੋਪੜ ਦੇ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ: ਐਡਵੋਕੇਟ ਦਿਨੇਸ਼ ਚੱਢਾ
ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਸਫ਼ਾਈ ਮੁਹਿੰਮ ਦੀ ਪ੍ਰਸ਼ੰਸਾ ਕੀਤੀ
ਰੂਪਨਗਰ, 13 ਅਪ੍ਰੈਲ: ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਵਲੋਂ ਸ਼ੁਰੂ ਕੀਤੀ ਗਈ ਰੋਪੜ ਦੀ ਸਫ਼ਾਈ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਖਾਸ ਰੂਪ-ਰੇਖਾ ਤਹਿਤ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਇੰਦੌਰ ਦੀ ਤਰਜ਼ ’ਤੇ ਰੋਪੜ ਨੂੰ ਮਾਡਲ ਸ਼ਹਿਰ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਦੌਰ, ਮੱਧ ਪ੍ਰਦੇਸ਼ ਦਾ ਇੱਕ ਮੁੱਖ ਸ਼ਹਿਰ, ਪਿਛਲੇ ਕਈ ਸਾਲਾਂ ਤੋਂ ਸਵੱਛਤਾ ਸਰਵੇਖਣ ਵਿੱਚ ਪਹਿਲਾ ਸਥਾਨ ਹਾਸਲ ਕਰ ਰਿਹਾ ਹੈ। ਇਹ ਸਿਰਫ਼ ਕਿਸਮਤ ਜਾਂ ਸੰਜੋਗ ਨਹੀਂ, ਸਗੋਂ ਪ੍ਰਸ਼ਾਸਨ, ਨਾਗਰਿਕਾਂ ਅਤੇ ਸਥਾਨਕ ਸੰਸਥਾਵਾਂ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ। ਜਿੱਥੇ ਕੂੜੇ ਦਾ 100 ਫ਼ੀਸਦ ਡੋਰ-ਟੂ-ਡੋਰ ਕਲੇਕਸ਼ਨ ਕੀਤਾ ਜਾਂਦਾ ਹੈ ਅਤੇ ਜਿਸ ਲਈ ਸ਼ਹਿਰ ਵਾਸੀ ਆਪਣੀ ਪੂਰੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਇੰਦੌਰ ਇੱਕ ਬਹੁਪੱਖੀ ਪਹੁੰਚ ਰਾਹੀਂ ਸਭ ਤੋਂ ਸਾਫ਼ ਸ਼ਹਿਰ ਬਣ ਗਿਆ, ਜਿਸ ਵਿੱਚ ਕੂੜਾ ਪ੍ਰਬੰਧਨ, ਨਾਗਰਿਕਾਂ ਦੀ ਭਾਗੀਦਾਰੀ ਅਤੇ ਤਕਨੀਕੀ ਤਰੱਕੀ ‘ਤੇ ਧਿਆਨ ਕੇਂਦਰਿਤ ਕਰਨਾ, ਮੁੱਖ ਰਣਨੀਤੀਆਂ ਵਿੱਚ ਵਿਗਿਆਨਕ ਤਰੀਕੇ ਨਾਲ ਰਹਿੰਦ-ਖੂੰਹਦ ਦੇ ਨਿਪਟਾਰੇ ਦੀਆਂ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ, ਅਤੇ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਨਾਗਰਿਕਾਂ ਨੂੰ ਸਿੱਖਿਅਤ ਕਰਨਾ ਸ਼ਾਮਲ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੇਵਲ ਇੱਕ ਮੁਹਿੰਮ ਨਹੀਂ, ਸਗੋਂ ਇੱਕ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਹੈ ਜਿਸ ਰਾਹੀਂ ਰੋਪੜ ਨੂੰ ਪੰਜਾਬ ਦੇ ਸਭ ਤੋਂ ਵੱਧ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਮੁਹਿੰਮ ਦੇ ਅਗਲੇ ਪੜਾਅ ਵਿਚ ਮਿਊਂਸੀਪਲ ਕੌਂਸਲ ਤੋਂ ਇਲਾਵਾ ਸਥਾਨਕ ਸੰਸਥਾਵਾਂ, ਸਕੂਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਇਲਾਵਾ ਇਸ ਮੁਹਿੰਮ ਤਹਿਤ ਨਾਂ ਸਿਰਫ਼ ਕੂੜਾ-ਕਰਕਟ ਦਾ ਨਿਯਮਤ ਢੰਗ ਨਾਲ ਪ੍ਰਬੰਧ ਕੀਤਾ ਜਾਵੇਗਾ, ਸਗੋਂ ਨਾਗਰਿਕਾਂ ਨੂੰ ਵੀ ਜਾਗਰੂਕ ਕੀਤਾ ਜਾ ਜਾਵੇਗਾ ਕਿ ਉਹ ਘਰ ਤੋਂ ਹੀ ਕੂੜਾ ਛਾਂਟਣ ਦੀ ਆਦਤ ਪਾਉਣ।
ਉਨ੍ਹਾਂ ਅੱਗੇ ਕਿਹਾ ਕਿ ਕੇਵਲ ਰੋਪੜ ਦੇ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਕਾਇਆ ਕਲਪ ਕੀਤੀ ਜਾ ਸਕਦੀ ਹੈ ਜਿਸ ਲਈ ਸਭ ਤੋਂ ਵਧ ਜਰੂਰੀ ਹੈ ਕਿ ਅਸੀਂ ਸੜਕਾਂ, ਪਾਰਕਾਂ ਅਤੇ ਜਨਤਕ ਥਾਵਾਂ ਉੱਤੇ ਕੂੜਾ ਨਾ ਸੁੱਟੀਏ ਅਤੇ ਨਾ ਹੀ ਸੁੱਟਣ ਦੇਈਏ। ਜਿਸ ਲਈ ਚੁਸਤ ਨਿਗਰਾਨੀ ਅਤੇ ਕਾਇਦੇ-ਕਾਨੂੰਨ ਦੀ ਪਾਲਣਾ ਕੀਤੀ ਜਾਵੇ ਅਤੇ ਜਿੱਥੇ ਕੂੜਾ ਗਲਤ ਢੰਗ ਨਾਲ ਸੁੱਟਿਆ ਜਾਂਦਾ ਸੀ, ਉੱਥੇ ਜੁਰਮਾਨੇ ਲਗਾਏ ਜਾਣ। ਨਾਲ ਹੀ, ਨਿਗਰਾਨੀ ਲਈ ਸੀ.ਸੀ.ਟੀ.ਵੀ ਰਾਹੀਂ ਨਿਯੰਤਰਣ ਪ੍ਰਣਾਲੀ ਵੀ ਵਰਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਸਫ਼ਾਈ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਸ ਅਧੀਨ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕੂੜਾ ਰਹਿਤ ਕੀਤਾ ਜਾਵੇਗਾ।