ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਹਸਪਤਾਲ ਮੋਰਿੰਡਾ ਦੇ ਬਾਥਰੂਮਾਂ ਦੀ ਸਫਾਈ ਨਾ ਹੋਣ ‘ਤੇ ਲਿਆ ਸਖ਼ਤ ਨੋਟਿਸ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਹਸਪਤਾਲ ਮੋਰਿੰਡਾ ਦੇ ਬਾਥਰੂਮਾਂ ਦੀ ਸਫਾਈ ਨਾ ਹੋਣ ‘ਤੇ ਲਿਆ ਸਖ਼ਤ ਨੋਟਿਸ
ਡਾਇਰੀਆ ਤੋਂ ਪੀੜ੍ਹਤ ਮਰੀਜ਼ਾ ਦਾ ਪੁੱਛਿਆ ਹਾਲ-ਚਾਲ
ਮੋਰਿੰਡਾ, 28 ਅਗਸਤ: ਪਿਛਲੇ ਦਿਨੀਂ ਮੋਰਿੰਡਾ ਵਿੱਚ ਡਾਇਰੀਆ ਤੋਂ ਪੀੜ੍ਹਤ ਮਰੀਜ਼ਾ ਨੂੰ ਸਰਕਾਰੀ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਮੌਕੇ ਤੇ ਬਾਥਰੂਮਾਂ ਦੀ ਸਫਾਈ ਨਾ ਹੋਣ ਤੇ ਸਖ਼ਤ ਨੋਟਿਸ ਲਿਆ।
ਡਾ. ਪ੍ਰੀਤੀ ਯਾਦਵ ਨੇ ਡਾਇਰੀਆ ਤੋਂ ਪੀੜ੍ਹਤ ਮਰੀਜ਼ਾ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਦੇ ਹੋਏ ਮਰੀਜ਼ਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਜਿਸ ਉਪਰੰਤ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਵਿਖੇ ਸਿਹਤ ਸੇਵਾਵਾਂ ਤਾਂ ਵਧੀਆਂ ਮਿਲ ਰਹੀਆਂ ਹਨ ਪ੍ਰੰਤੂ ਬਾਥਰੂਮਾਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਮਰੀਜ਼ਾ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸੁਖਪਾਲ ਸਿੰਘ ਤੇ ਐਸ.ਐਮ.ਓ. ਡਾ. ਗੋਬਿੰਦ ਟੰਡਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਬਾਥਰੂਮ ਦੇ ਸੀਵਰੇਜ ਜਾਂ ਰੱਖ ਰਖਾਅ ਸੰਬੰਧੀ ਕੋਈ ਮਾਮਲਾ ਹੈ ਤਾਂ ਉਸਨੂੰ ਅੱਜ ਦੀ ਦਰੁੱਸਤ ਕੀਤਾ ਜਾਵੇ। ਉਨ੍ਹਾਂ ਐਕਸੀਅਨ ਸੀਵਰੇਜ ਬੋਰਡ ਨੂੰ ਤੁਰੰਤ ਮੌਕੇ ਉੱਤੇ ਆ ਕੇ ਬਾਥਰੂਮਾਂ ਦੀ ਸੀਵਰੇਜ ਸਪਲਾਈ ਨੂੰ ਠੀਕ ਕਰਨ ਦੇ ਹੁਕਮ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਹਸਪਤਾਲ ਮੋਰਿੰਡਾ ਦੇ ਐਸ.ਐਮ.ਓ. ਦਫ਼ਤਰ ਵਿਖੇ ਦਾਖ਼ਲ ਮਰੀਜ਼ਾ ਦੀ ਹਰ ਇੱਕ ਫਾਈਲ ਦਾ ਬਰੀਕੀ ਨਾਲ ਨਿਰੀਖਣ ਕੀਤਾ ਅਤੇ ਐਸ.ਐਮ.ਓ. ਡਾ. ਗੋਬਿੰਦ ਟੰਡਨ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡਾਇਰੀਆ ਤੋਂ ਪੀੜ੍ਹਤ ਮਰੀਜ਼ਾ ਨੂੰ ਮਿਆਰੀ ਸੇਵਾਵਾਂ ਦੇਣਾ ਯਕੀਨੀ ਕੀਤਾ ਜਾਵੇ ਅਤੇ ਜੋ ਮਰੀਜ਼ ਠੀਕ ਹੁੰਦੇ ਹਨ ਉਨ੍ਹਾਂ ਮਰੀਜ਼ਾ ਨੂੰ ਘਰ ਜਾ ਕੇ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ, ਉਸ ਸੰਬੰਧੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਮਰੀਜ਼ ਠੀਕ ਹੋ ਕੇ ਘਰ ਜਾ ਰਹੇ ਹਨ ਉਨ੍ਹਾਂ ਮਰੀਜ਼ਾਂ ਦਾ ਰੋਜ਼ਾਨਾ ਟੈਲੀਫੋਨ ਰਾਹੀਂ ਸਿਹਤ ਬਾਰੇ ਪੁਛਿਆ ਜਾਵੇ ਅਤੇ ਨਾਲ ਹੀ ਉਨ੍ਹਾਂ ਐਸ.ਐਮ.ਓ. ਨੂੰ ਕਿਹਾ ਕਿ ਜਿੰਨੇ ਵੀ ਮਰੀਜ਼ ਨਿੱਜੀ ਹਸਪਤਾਲਾਂ ਵਿਖੇ ਦਾਖਲ ਹਨ, ਉਨ੍ਹਾਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅੱਜ ਸ਼ਾਮ ਤੱਕ ਪੇਸ਼ ਕੀਤੀ ਜਾਵੇ।