ਡਿਪਟੀ ਕਮਿਸ਼ਨਰ ਨੇ 100 ਦੇ ਕਰੀਬ ਲੋਕਾਂ ਦੀ ਜਾਨ ਬਚਾਉਣ ਸਦਕਾ ਬਹਾਦਰੀ ਪੁਰਸਕਾਰ ਪ੍ਰਾਪਤ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ 100 ਦੇ ਕਰੀਬ ਲੋਕਾਂ ਦੀ ਜਾਨ ਬਚਾਉਣ ਸਦਕਾ ਬਹਾਦਰੀ ਪੁਰਸਕਾਰ ਪ੍ਰਾਪਤ ਵਾਲੇ ਬੱਚੇ ਨੂੰ ਸਨਮਾਨਿਤ ਕੀਤਾ
ਰੂਪਨਗਰ, 7 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਰੂਪਨਗਰ ਜ਼ਿਲ੍ਹੇ ਦੇ ਜਤਿਨਪ੍ਰੀਤ ਸਿੰਘ ਨੂੰ ਇੰਡੀਅਨ ਕੌਂਸਲ ਫੋਰ ਚਾਇਲਡ ਵੈਲਫੇਅਰ (ਆਈਸੀਸੀ ਡਬਲਿਊ) ਵਲੋਂ 100 ਦੇ ਕਰੀਬ ਲੋਕਾਂ ਦੀ ਜਾਨ ਬਚਾਉਣ ਸਦਕਾ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਉੱਤੇ ਆਪਣੇ ਦਫਤਰ ਵਿਖੇ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਲਾਈ 2023 ਵਿੱਚ ਲਗਾਤਾਰ ਮੀਂਹ ਪੈਣ ਕਾਰਨ, ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਇੱਕ ਰਿਹਾਇਸ਼ੀ ਇਲਾਕਾ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਸੀ। ਪਾਵਰ ਕਲੋਨੀ ਵਿੱਚ ਰਹਿਣ ਵਾਲੇ 100 ਦੇ ਕਰੀਬ ਲੋਕ ਉੱਥੇ ਫਸੇ ਹੋਏ ਸਨ ਅਤੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ।
ਇਸ ਖ਼ਤਰਨਾਕ ਸਥਿਤੀ ਨੂੰ ਦੇਖਦਿਆਂ ਇਸੇ ਕਲੋਨੀ ਵਿੱਚ ਰਹਿਣ ਵਾਲਾ ਜਤਿਨਪ੍ਰੀਤ ਸਿੰਘ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ ਬਹਾਦਰੀ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਜਿੱਥੇ ਪਾਣੀ ਦਾ ਪੱਧਰ ਕਰੀਬ 5 ਫੁੱਟ ਵਿੱਚ ਜਾ ਕੇ ਘਰਾਂ ਵਿੱਚ ਫਸੇ 100 ਦੇ ਕਰੀਬ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਂ ਉਤੇ ਪਹੁੰਚਾਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਬੱਚੇ ਦੀ ਬਹਾਦਰੀ ਸਦਕਾ ਹੀ ਇਸ ਨੂੰ ਆਈਸੀਸੀ ਡਬਲਿਊ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਬੱਚਿਆਂ ਨੂੰ ਵੀ ਜਤਿਨਪ੍ਰੀਤ ਤੋਂ ਸੇਧ ਲੈਂਦੇ ਹੋਏ ਇਸ ਤਰ੍ਹਾਂ ਦੀ ਸੇਵਾ ਭਾਵਨਾ ਰਖਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਵਿੱਚ ਹਰ ਲੋੜਵੰਦ ਦੀ ਮੱਦਦ ਕਰਨੀ ਚਾਹੀਦੀ ਹੈ।