ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੀ ਰੋਕਥਾਮ ਲਈ ਜਲਦ ਤੋਂ ਜਲਦ ਪ੍ਰਬੰਧ ਮੁਕੰਮਲ ਕਰਨ ਦੇ ਦਿੱਤੇ ਹੁਕਮ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਹੜ੍ਹਾਂ ਦੀ ਰੋਕਥਾਮ ਲਈ ਜਲਦ ਤੋਂ ਜਲਦ ਪ੍ਰਬੰਧ ਮੁਕੰਮਲ ਕਰਨ ਦੇ ਦਿੱਤੇ ਹੁਕਮ
ਰਾਹਤ ਅਤੇ ਮੁੜ ਵਸੇਬਾ ਦੀਆਂ ਟੀਮਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼
ਰੂਪਨਗਰ, 27 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਹੜ੍ਹ ਰੋਕੂ ਪ੍ਰਬੰਧ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ, ਐੱਸਡੀਐੱਮਜ਼ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐੱਸਡੀਐੱਮਜ਼ ਆਪੋ-ਆਪਣੇ ਇਲਾਕਿਆਂ ’ਚ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਣ।
ਉਨ੍ਹਾਂ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਸ. ਬਲਜਿੰਦਰ ਸਿੰਘ ਗਰੇਵਾਲ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇ ਅਤੇ ਜੋ ਛੱਪੜਾ ਵਿੱਚ ਪਾਣੀ ਮੌਜੂਦ ਹੈ, ਇਸ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਛੱਪੜਾਂ ਤੇ ਜੋ ਮੋਟਰਾਂ ਲੱਗੀਆਂ ਹਨ, ਚਾਲੂ ਹਾਲਤ ਵਿੱਚ ਰੱਖੀਆਂ ਜਾਣ ਤਾਂ ਜੋ ਬਰਸਾਤ ਦੌਰਾਨ ਪਿੰਡ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।
ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਲ ਮਾਰਗਾਂ (ਡਰੇਨ/ਨਹਿਰਾਂ) ਦੇ ਨੇੜੇ ਜੋ ਵੀ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ। ਉਨ੍ਹਾਂ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਅਤੇ ਸਬੰਧਿਤ ਕਾਰਜ ਸਾਧਕ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਸੀਵਰੇਜਾਂ ਦੇ ਮੈਨ ਹੋਲਾਂ ਦੀ ਸਫਾਈ ਨਿਰੰਤਰ ਰੱਖੀ ਜਾਵੇ।
ਉਨ੍ਹਾਂ ਸਿਹਤ ਵਿਭਾਗ ਨੂੰ ਕਿਸੇ ਵੀ ਅਸੁਖਾਵੇਂ ਹਾਲਾਤ ਦੇ ਟਾਕਰੇ ਲਈ ਜ਼ਰੂਰੀ ਦਵਾਈਆਂ ਦੀ ਸਪਲਾਈ ਪੁਖਤਾ ਕਰਨ ਤੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੀ ਵੈਕਸੀਨੇਸ਼ਨ ਤੇ ਹਰੇ ਚਾਰੇ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਹਰ ਸਬ ਡਿਵੀਜ਼ਨ ’ਚ ਕਿਸ਼ਤੀਆਂ, ਮੋਟਰ ਬੋਟ ਤੇ ਗੋਤਾਖੋਰਾਂ ਦੀਆਂ ਸੂਚੀਆਂ ਵੀ ਤਿਆਰ ਕਰਨ ਲਈ ਕਿਹਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਤੇ ਕੰਟਰੋਲ ਕਰਨ ਲਈ ਸਾਰੀਆਂ ਡਰੇਨਾਂ ਦੀ ਸਫਾਈ ਮੁਕੰਮਲ ਕਰ ਲਈ ਜਾਵੇ ਤਾਂ ਜੋ ਬਰਸਾਤੀ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਰਾਹਤ ਅਤੇ ਮੁੜ ਵਸੇਬਾ ਦੀਆਂ ਟੀਮਾਂ ਨੂੰ ਭਾਰੀ ਮੀਂਹ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ। ਉਨਾਂ ਇਹ ਵੀ ਹਦਾਇਤ ਦਿੱਤੀ ਕਿ ਨਾਜ਼ੁਕ ਖੇਤਰਾਂ ਵਿੱਚ ਪਹਿਲ ਦੇ ਆਧਾਰ ’ਤੇ ਹੜ ਰੱਖਿਆ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਜੇਕਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਹੋਣ ਵਾਲੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਚੰਦਰਜਯੋਤੀ ਸਿੰਘ, ਆਰਟੀਏ ਸ. ਗੁਰਵਿੰਦਰ ਸਿੰਘ ਜੌਹਲ, ਮੁੱਖ ਮੰਤਰੀ ਫੀਲਡ ਅਫ਼ਸਰ ਸ. ਜਸਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ. ਰੂਪਨਗਰ ਸ਼੍ਰੀ ਸੰਜੀਵ ਕੁਮਾਰ, ਐਸ.ਡੀ.ਐਮ. ਮੋਰਿੰਡਾ ਸ. ਸੁਖਪਾਲ ਸਿੰਘ, ਐਸ.ਡੀ.ਐਮ. ਨੰਗਲ ਸ਼੍ਰੀ ਸਚਿਨ ਪਾਠਕ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ. ਜਸਪ੍ਰੀਤ ਸਿੰਘ, ਸਿਵਲ ਸਰਜਨ ਡਾ. ਸਵਪਨਜੀਤ ਕੌਰ, ਐਕਸੀਅਨ ਪ੍ਰਦੂਸ਼ਣ ਕੰਟੋਰਲ ਸ. ਬੀਰਦਵਿੰਦਰ ਸਿੰਘ, ਐਕਸੀਅਨ ਮਾਈਨਿੰਗ ਵਿਭਾਗ ਸ਼੍ਰੀ ਤੁਸ਼ਾਰ ਗੋਇਲ, ਐਕਸੀਅਨ ਜਲ ਸਪਲਾਈ ਸ਼੍ਰੀ ਮਾਈਕਲ, ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰਪਾਲ ਸਿੰਘ ਸਮੇਤ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।