ਡਿਪਟੀ ਕਮਿਸ਼ਨਰ ਨੇ ਪਿੰਡ ਰਾਮਪੁਰ ਵਿਖੇ ਜਨ ਸੁਨਾਵੀਂ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ – ਮਿਤੀ 02-02-2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਪਿੰਡ ਰਾਮਪੁਰ ਵਿਖੇ ਜਨ ਸੁਨਾਵੀਂ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਪਿੰਡ ਰਾਮਪੁਰ, ਪੁਰਖਾਲੀ ਤੇ ਰਾਮਗੜ੍ਹ ਟੱਪਰੀਆਂ ਦੇ ਲੋਕਾਂ ਨੇ ਕੈਂਪ ਵਿਚ ਆਪਣੀਆਂ ਜਰੂਰਤਾਂ ਬਾਰੇ ਦੱਸਿਆ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ ਗਿਆ
ਰੂਪਨਗਰ, 2 ਫਰਵਰੀ: ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਜਨ ਸੁਣਵਾਈ ਕੈਂਪ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਅਤੇ ਮੌਕੇ ਉੱਤੇ ਹੀ ਵੱਖੋ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਪਿੰਡ ਰਾਮਪੁਰ ਸਮੇਤ ਪੁਰਖਾਲੀ ਤੇ ਰਾਮਗੜ੍ਹ ਟੱਪਰੀਆਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਕੈਂਪ ਵਿਚ ਆਪਣੀਆਂ ਮੁਸ਼ਕਲਾਂ ਅਤੇ ਜਰੂਰਤਾਂ ਬਾਰੇ ਦੱਸਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੀਆਂ ਬਰੂਹਾਂ ਉੱਤੇ ਹੀ ਲੰਬਿਤ ਪਏ ਮਾਮਲਿਆਂ ਦੇ ਹੱਲ ਕਰਨ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਲਈ ਇਹ ਕੈਂਪ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇੰਨਾ ਕੈਂਪਾਂ ਵਿਚ ਪਿੰਡਾਂ ਦੇ ਵਿਕਾਸ ਨਾਲ ਜੁੜੇ ਕਾਰਜ ਅਤੇ ਹਰ ਪੱਧਰ ਦੇ ਮਸਲੇ ਹੱਲ ਕੀਤੇ ਜਾਂਦੇ ਹਨ ਜਿਸ ਨਾਲ ਪੰਚਾਇਤਾਂ ਤੇ ਆਮ ਲੋਕਾਂ ਨੂੰ ਪਿੰਡਾਂ ਵਿਚ ਹੀ ਰਾਹਤ ਮਿਲ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦਾ ਇਕ ਥਾਂ ਮੌਜੂਦ ਹੋਣ ਨਾਲ ਪਿੰਡਾਂ ਵਿਚ ਜਮੀਨੀ ਪੱਧਰ ਉਤੇ ਲੋਕਾਂ ਦੀ ਸਮੱਸਿਆਵਾਂ ਦਾ ਪਤਾ ਲਗਦਾ ਹੈ ਅਤੇ ਇਸ ਨਾਲ ਇਨ੍ਹਾਂ ਦਾ ਹੱਲ ਵੀ ਯਕੀਨੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਅਜਿਹੇ ਕੈਂਪ ਲਗਾਤਰ ਲਗਦੇ ਰਹਿਣਗੇ, ਜਿਨ੍ਹਾਂ ਸਦਕਾ ਲੋਕਾਂ ਦੇ ਕੰਮ ਨਿਸ਼ਚਿਤ ਸਮੇਂ ਅੰਦਰ ਹੋ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਕੈਂਪ ਵਿਚ ਡਿਪਟੀ ਕਮਿਸ਼ਨਰ ਨੂੰ ਪਿੰਡ ਰਾਮਪੁਰ ਦੀ ਸਰਪੰਚ ਕੁਲਵੰਤ ਕੌਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ, ਪਿੰਡ ਰਾਮਪੁਰ ਵਿਖੇ ਨਦੀ ਤੋਂ ਪਾਰ ਜ਼ਮੀਨਾਂ ਤੇ ਜਾਣ ਲਈ ਪੁਲੀ ਲਗਾਉਣ ਸੰਬੰਧੀ, ਪਿੰਡ ਰਾਮਪੁਰ ਵਿਖੇ ਖੇਡ ਗਰਾਊਂਡ ਬਣਾਉਣ ਸੰਬੰਧੀ, ਪਿੰਡ ਰਾਮਪੁਰ ਵਿਖੇ ਟੋਭੇ ਦੀ ਸਫ਼ਾਈ ਤੇ ਗਲੀਆਂ ਬਣਾਉਣ ਸੰਬੰਧੀ ਮੁੱਦੇ ਰੱਖੇ ਗਏ। ਇਸ ਤੋਂ ਇਲਾਵਾ ਪਿੰਡ ਪੁਰਖਾਲੀ ਦੇ ਸਰਪੰਚ ਦਿਲਬਰ ਸਿੰਘ ਵੱਲੋਂ ਪਿੰਡ ਵਿੱਚ ਪਾਣੀ ਦੀ ਸਪਲਾਈ ਦੀ ਸਮੱਸਿਆ ਸੰਬੰਧੀ, ਬਿੰਦਰਖ ਤੋਂ ਪੁਰਖਾਲੀ ਸੜਕ ਨੂੰ ਚੌੜੀ ਕਰਾਉਣ ਸੰਬੰਧੀ ਤੇ ਪਿੰਡ ਵਿੱਚ ਜਲ ਸਪਲਾਈ ਨੂੰ ਹਰ ਘਰ ਵਿੱਚ ਯਕੀਨੀ ਬਣਾਉਣ ਸੰਬੰਧੀ ਆਪਣੀਆਂ ਮੰਗਾਂ ਰੱਖੀਆਂ ਗਈਆਂ। ਇਸ ਦੇ ਨਾਲ ਹੀ ਪਿੰਡ ਰਾਮਗੜ੍ਹ ਟੱਪਰੀਆਂ ਦੇ ਸਰਪੰਚ ਅਮਰਜੀਤ ਕੌਰ ਵਲੋਂ ਆਪਣੇ ਪਿੰਡ ਦੀਆਂ ਮੰਗਾਂ ਤੇ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਿਨ੍ਹਾਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਹੋ ਸਕਦਾ ਸੀ ਉਨ੍ਹਾਂ ਦਾ ਤੁਰੰਤ ਮੌਕੇ ਤੇ ਹੀ ਨਿਪਟਾਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਰੋਜ਼ਗਾਰ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਐਸ.ਸੀ. ਕਾਰਪੋਰੇਸ਼ਨ, ਫੂਡ ਸਪਲਾਈ ਵਿਭਾਗ, ਹੁਨਰ ਵਿਕਾਸ ਮਿਸ਼ਨ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਖ਼ੇਤੀਬਾੜੀ ਵਿਭਾਗ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼੍ਰੀਮਤੀ ਅਨਮਜੋਤ ਕੌਰ, ਐੱਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।