ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਕੁਰਾਲੀ ਤੋਂ ਕੀਰਤਪੁਰ ਸਾਹਿਬ ਤੱਕ ਗਤੀ ਸੀਮਾ ਸਾਈਨ ਲਗਾਉਣ ਦੀ ਦਿੱਤੀ ਹਦਾਇਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਕੁਰਾਲੀ ਤੋਂ ਕੀਰਤਪੁਰ ਸਾਹਿਬ ਤੱਕ ਗਤੀ ਸੀਮਾ ਸਾਈਨ ਲਗਾਉਣ ਦੀ ਦਿੱਤੀ ਹਦਾਇਤ
ਰੋਡ ਸੇਫਟੀ ਦੀ ਮੀਟਿੰਗ ਕਰਦਿਆਂ ਵੱਖ-ਵੱਖ ਵਿਭਾਗਾਂ ਤੇ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਰੂਪਨਗਰ, 30 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਡ ਸੇਫਟੀ ਦੀ ਮੀਟਿੰਗ ਕਰਦਿਆਂ ਵੱਖ-ਵੱਖ ਵਿਭਾਗਾਂ ਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੁਰਾਲੀ ਤੋਂ ਕੀਰਤਪੁਰ ਸਾਹਿਬ ਤੱਕ ਹਾਈਵੇ ਤੇ ਗਤੀ ਸੀਮਾ ਸਾਈਨ ਲਗਾਏ ਜਾਣ ਤਾਂ ਜੋ ਲੋਕ ਜਿਆਦਾ ਗਤੀ ਵਿੱਚ ਵਾਹਨ ਨਾ ਚਲਾਉਣ ਅਤੇ ਦੁਰਘਟਨਾਵਾਂ ਨੂੰ ਵੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਰੂਪਨਗਰ ਪੁਲਿਸ ਲਾਈਨ ਲਾਈਟਾਂ ਤੇ ਅੱਜ ਸ਼ਾਮ ਤੱਕ ਜ਼ੈਬਰਾ ਕਰਾਸਿੰਗ ਬਣਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਵਾਹਨ ਚਾਲਕ ਉਨ੍ਹਾਂ ਨੂੰ ਦੇਖ ਕੇ ਰੁਕ ਸਕਣ।
ਡਾ. ਪ੍ਰੀਤੀ ਯਾਦਵ ਵੱਲੋਂ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀਆਂ ਬੱਸਾਂ ਦੀ ਨਿਰੰਤਰ ਚੈਕਿੰਗ ਅਤੇ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕਰਨ ਲਈ ਕਿਹਾ।
ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਵੱਧ ਦੁਰਘਟਨਾ ਹੋਣ ਵਾਲੇ ਸਥਾਨਾਂ ਦੀ ਪਛਾਣ ਕਰਕੇ ਉਸ ਨੂੰ ਬਲੈਕ ਸਪਾਟ ਖੇਤਰ ਘੋਸ਼ਿਤ ਕੀਤਾ ਜਾਵੇ, ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਉੱਥੇ ਜਿੰਨੇ ਵੀ ਸੰਭਵ ਹੱਲ ਹਨ, ਕੀਤੇ ਜਾਣ।
ਆਰ.ਟੀ.ਏ. ਸ. ਗੁਰਵਿੰਦਰ ਸਿੰਘ ਜੌਹਲ ਵੱਲੋਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਟਰੱਕ ਯੂਨੀਅਨ ਤੇ ਹੋਰ ਸਥਾਨਾਂ ਤੇ ਡਰਾਈਵਰਾਂ ਲਈ ਮੈਡੀਕਲ ਕੈਂਪ ਲਗਾਏ ਜਾਣ ਜਿਸ ਵਿਚ ਉਨ੍ਹਾਂ ਦੇ ਅੱਖਾਂ ਦਾ ਚੈਅਕਪ, ਬਲੱਡ ਪ੍ਰੈਸ਼ਰ ਅਤੇ ਡਾਇਵੀਟੀਜ਼ ਆਦਿ ਦੇ ਟੈਸਟ ਕੀਤੇ ਜਾਣ ਤੇ ਅੱਖਾਂ ਦੀ ਰੋਸ਼ਨੀ ਘੱਟ ਹੋਣ ਉਤੇ ਉਨ੍ਹਾਂ ਨੂੰ ਮੁਫਤ ਐਨਕਾਂ ਵੀ ਵੰਡੀਆਂ ਜਾਣ।
ਇਸ ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।