ਡਿਪਟੀ ਕਮਿਸ਼ਨਰ ਨੇ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਕਰਦਿਆਂ ਕੀਤੀ ਕੰਮਾਂ ਦੀ ਸਮੀਖਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਕਰਦਿਆਂ ਕੀਤੀ ਕੰਮਾਂ ਦੀ ਸਮੀਖਿਆ
ਸਟੇਜ 2 ਦੀ ਵੈਰੀਫਿਕੇਸ਼ਨ ਅਧੀਨ 108 ਕੇਸ ਵਿਚਾਰੇ
ਰੂਪਨਗਰ, 23 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਕਰਦਿਆਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ, ਇਸ ਮੀਟਿੰਗ ਵਿੱਚ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਅੱਗੇ ਸਟੇਜ-2 ਦੀ ਵੈਰੀਫਿਕੇਸ਼ਨ ਅਧੀਨ 108 ਪੈਂਡਿੰਗ ਕੇਸ ਵਿਚਾਰੇ ਗਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਅਧਿਕਾਰੀਆਂ ਨੂੰ ਵਿਚਾਰ ਅਧੀਨ ਪਏ ਕੇਸਾਂ ਤੇ ਕੰਮ ਕਰਦੇ ਹੋਏ ਇਸ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ. ਮਾਨ ਮੋਹਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਅਧੀਨ 18 ਤਰ੍ਹਾਂ ਦੇ ਕੰਮਾਂ ਨੂੰ ਕਵਰ ਕੀਤਾ ਗਿਆ ਹੈ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਸੀ.ਐਸ.ਸੀ (ਕਾਮਨ ਸਰਵਿਸ ਸੈਂਟਰ) ਰਾਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਹਿਲੀ ਸਟੇਜ ਦੌਰਾਨ ਪੇਂਡੂ ਖੇਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਸ਼ਹਿਰੀ ਖੇਤਰ ਵਿੱਚ ਕਾਰਜ ਸਾਧਕ ਅਫਸਰ ਵੱਲੋਂ ਸੀ.ਐਸ.ਸੀ ਅਧੀਨ ਰਜਿਸਟਰ ਹੋਏ ਪ੍ਰਾਰਥੀਆਂ ਦੀ ਨਿੱਜੀ ਪੱਧਰ ਤੇ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕੇਸ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚੁਣੇ ਗਏ ਪ੍ਰਾਰਥੀਆਂ ਨੂੰ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦੌਰਾਨ ਰੋਜਾਨਾ 500 ਰੁਪਏ ਸਟਾਇਪੈਂਡ ਅਤੇ 15000 ਰੁਪਏ ਦੀ ਟੂਲ-ਕਿੱਟ ਦਿੱਤੀ ਜਾਂਦੀ ਹੈ। ਟ੍ਰੇਨਿੰਗ ਪੂਰੀ ਹੋਣ ਉਪਰੰਤ ਇੱਕ ਲੱਖ ਰੁਪਏ ਤੱਕ ਦਾ ਲੋਨ 5 ਫ਼ੀਸਦੀ ਵਿਆਜ ਦਰ ਤੇ 18 ਮਹੀਨਿਆਂ ਲਈ ਦਿੱਤਾ ਜਾਂਦਾ ਹੈ। ਪਹਿਲਾ ਲੋਨ ਸਫਲਤਾ ਪੂਰਵਕ ਪੂਰ ਹੋਣ ਤੇ 2 ਲੱਖ ਰੁਪਏ ਤੱਕ ਦਾ ਲੋਨ 5 ਫ਼ੀਸਦੀ ਵਿਆਜ ਦਰ ਤੇ 30 ਮਹੀਨਿਆਂ ਲਈ ਦਿੱਤਾ ਜਾਂਦਾ ਹੈ।
ਇਸ ਮੀਟਿੰਗ ਵਿੱਚ ਫੰਕਸ਼ਨਲ ਮੈਨੇਜਰ ਸ. ਬਲਿੰਦਰ ਸਿੰਘ, ਉੱਚ ਉਦਯੋਗਿਕ ਉੱਨਤੀ ਅਫਸਰ ਸ. ਰਮਿੰਦਰਪਾਲ ਸਿੰਘ, ਲੀਡ ਬੈਂਕ ਮੈਨੇਜਰ ਸ਼੍ਰੀ ਮਨੀਸ਼ ਤ੍ਰਿਪਾਠੀ, ਐਮ.ਸੀ. ਐਮ.ਈ. ਲੁਧਿਆਣਾ ਤੋਂ ਕ੍ਰਿਸ਼ਨ ਕੁਮਾਰ, ਹੁਨਰ ਵਿਕਾਸ ਮਿਸ਼ਨ ਤੋਂ ਬਲਾਕ ਮਿਸ਼ਨ ਮੈਨੇਜਰ ਸ. ਗੁਰਪ੍ਰੀਤ ਸਿੰਘ ਅਤੇ ਕਮੇਟੀ ਮੈਂਬਰ ਮੁਕੇਸ਼ ਨੱਡਾ ਹਾਜ਼ਰ ਹੋਏ।