ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਓਪਨ ਲਾਈਬ੍ਰੇਰੀ ਦਾ ਉਦਘਾਟਨ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਓਪਨ ਲਾਈਬ੍ਰੇਰੀ ਦਾ ਉਦਘਾਟਨ ਕੀਤਾ
ਕਿਤਾਬਾਂ ਸਾਡੀਆਂ ਵਧੀਆ ਦੋਸਤ ਬਣ ਸਕਦੀਆਂ ਹਨ-ਡਾ:ਪ੍ਰੀਤੀ ਯਾਦਵ
ਰੂਪਨਗਰ, 19 ਜੂਨ: 27ਵੇਂ ਨੈਸ਼ਨਲ ਰੀਡਿੰਗ ਡੇਅ ਉੱਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਾਲੀ ਪਈ ਜਗਹ ਦੀ ਵਰਤੋਂ ਕਰਦੇ ਹੋਏ ਓਪਨ ਲਾਈਬ੍ਰੇਰੀ ਦਾ ਉਦਘਾਟਨ ਡਿਪਟੀ ਕਮਿਸ਼ਨਰ ਡਾ:ਪ੍ਰੀਤੀ ਯਾਦਵ ਵੱਲੋਂ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਬਿਊਰੋ ਦੇ ਅਧਿਕਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਪ੍ਰੀਤੀ ਯਾਦਵ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਪ੍ਰਤੀ ਆਪਣਾ ਰੁਝਾਨ ਵਧਾਉਣ ਸਬੰਧੀ ਪ੍ਰੇਰਿਆ ਗਿਆ। ਉਹਨਾ ਕਿਹਾ ਕਿ ਕਿਤਾਬਾਂ ਸਾਡੀਆਂ ਦੋਸਤ ਬਣ ਕੇ ਮਾਰਗ ਦਰਸ਼ਨ ਕਰ ਸਕਦੀਆਂ ਹਨ। ਕਿਤਾਬਾਂ ਤੋਂ ਮਿਲਣ ਵਾਲੀ ਜਾਣਕਾਰੀ ਨਾਲ ਅਸੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਤੋਂ ਇਲਾਵਾ ਸਾਨੂੰ ਆਪਣੇ ਜੀਵਨ ਵਿੱਚ ਚੰਗੇ ਕੰਮਾਂ ਲਈ ਪ੍ਰੇਰਨਾ ਵੀ ਮਿਲਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਮੋਬਾਇਲ ਦੇ ਰੁਝਾਨ ਨੂੰ ਘਟਾਉਣ ਬਾਰੇ ਵੀ ਪ੍ਰੇਰਿਆ। ਉਹਨਾ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਸਮਾਜਿਕ ਕੰਮਾਂ ਨਾਲ ਵੀ ਜੋੜਨਾ ਚਾਹੀਦਾ ਹੈ, ਇਸਦੇ ਨਾਲ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਹਰਜੋਤ ਕੌਰ ਨੇ ਕਿਤਾਬਾਂ ਪੜ੍ਹਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਤਾਬਾਂ ਤੋਂ ਮਿਲਣ ਵਾਲੀ ਸਿੱਖਿਆ ਨਾਲ ਅਸੀਂ ਆਪਣੇ ਜੀਵਨ ਲਈ ਸਹੀ ਦਿਸ਼ਾ ਦੀ ਚੋਣ ਕਰ ਸਕਦੇ ਹਾਂ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਨਿਯਮ ਨਾਲ ਰੋਜ਼ਾਨਾ ਕੋਈ ਨਾ ਕੋਈ ਕਿਤਾਬ ਜਾਂ ਅਖਬਾਰ ਜ਼ਰੂਰ ਪੜ੍ਹਨ ਦੀ ਅਪੀਲ ਕੀਤੀ। ਇੰਦਰਜੀਤ ਬਾਲਾ ਨੇ ਆਪਣੇ ਜੀਵਨ ਨਾਲ ਜੁੜੇ ਤਜ਼ਰਬੇ ਅਤੇ ਲਾਈਬ੍ਰੇਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮੈਡਮ ਮੀਨੂ ਸ਼ਰਮਾ ਨੇ ਦੱਸਿਆ ਉਹ ਖੁਦ ਕਿਤਾਬਾਂ ਲਿਖਣ ਦਾ ਸ਼ੌਕ ਰੱਖਦੇ ਹਨ ਅਤੇ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਪੜ੍ਹਨ ਦੇ ਸ਼ੌਕ ਵੱਲ ਪ੍ਰੇਰਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ ਗਏ। ਰੀਡਿੰਗ ਅਤੇ ਸਟੋਰੀ ਟੈਲਿੰਗ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਹਨਾ ਮੁਕਾਬਲਿਆਂ ਵਿੱਚ ਹਰਜੋਤ ਕੌਰ ਨੇ ਪਹਿਲਾਂ ਇਨਾਮ , ਜੈਸਮੀਨ ਕੌਰ ਨੇ ਦੂਜਾ ਇਨਾਮ ਅਤੇ ਅਵਲਦੀਪ ਕੌਰ ਨੇ ਤੀਸਰਾ ਇਨਾਮ ਸਟੋਰੀ ਟੈਲਿੰਗ ਮੁਕਾਬਲੇ ਵਿੱਚ ਹਾਸਲ ਕੀਤਾ। ਇਸਦੇ ਨਾਲ ਹੀ ਰੀਡਿੰਗ ਮੁਕਾਬਲੇ ਵਿੱਚ ਛਾਇਆ, ਮਹਿਰੁਨਿਸ਼ਾ ਅਤੇ ਹਿਨਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ। ਸ਼੍ਰੀ ਅਰੁਣ ਕੁਮਾਰ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਮੌਕੇ ਤੇ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਡਿਪਟੀ ਜਿਲ੍ਹਾ ਸਿੱਖਿਆ ਅਫਸਰ(ਸ) ਸੁਰਿੰਦਰਪਾਲ ਸਿੰਘ, ਡਿਪਟੀ ਜਿਲ੍ਹਾ ਸਿੱਖਿਆ ਅਫਸਰ(ਐਲੀ:) ਰੰਜਨਾ ਕਟਿਆਲ, ਜਿਲ੍ਹਾ ਭਾਸ਼ਾ ਅਫਸਰ, ਗੁਰਿੰਦਰ ਸਿੰਘ ਕਲਸੀ, ਡੀ.ਐਮ ਸਪੋਰਟਸ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਟੇਜ਼ ਦਾ ਸੰਚਾਲਨ ਮਿਸ: ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਬਾਖੂਬੀ ਨਿਭਾਇਆ।