ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੀ.ਐਮ. ਵਿਸ਼ਵਕਰਮਾ ਸਕੀਮ ਸਬੰਧੀ ਬਲਾਕ ਪੱਧਰ ਤੱਕ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਦਿੱਤੀ ਹਦਾਇਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੀ.ਐਮ. ਵਿਸ਼ਵਕਰਮਾ ਸਕੀਮ ਸਬੰਧੀ ਬਲਾਕ ਪੱਧਰ ਤੱਕ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਦਿੱਤੀ ਹਦਾਇਤ
ਸਕੀਮ ਅਧੀਨ ਆਈਆਂ ਅਰਜ਼ੀਆਂ ਨੂੰ ਵੈਰੀਫਾਈ ਕਰਨ ਸਬੰਧੀ ਕੀਤਾ ਗਿਆ ਵਿਚਾਰ ਵਟਾਂਦਰਾ
ਰੂਪਨਗਰ, 30 ਜੁਲਾਈ: ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਸਕੀਮ ਅਧੀਨ ਆਈਆਂ ਅਰਜ਼ੀਆਂ ਨੂੰ ਵੈਰੀਫਾਈ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹੱਥੀਂ ਅਤੇ ਰਵਾਇਤੀ ਔਜਾਰਾਂ ਨਾਲ ਕੰਮ ਕਰਨ ਵਾਲੇ ਹੁਨਰਮੰਦਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਕੰਮ ਨੂੰ ਵਧਾਉਣ ਲਈ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਇਸ ਸਕੀਮ ਸਬੰਧੀ ਬਲਾਕ ਪੱਧਰ ਤੱਕ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਸ. ਮਾਨ ਮੋਹਿੰਦਰ ਸਿੰਘ ਨੇ ਇਸ ਸਕੀਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਵੱਖ-ਵੱਖ ਤਰ੍ਹਾਂ ਤੇ ਕਿੱਤਿਆਂ ਜਿਵੇਂ ਕੇ ਦਰਜੀ, ਧੋਬੀ, ਲੌਹਾਰ, ਘੁਮਿਆਰ, ਮਾਲਾਕਰ ਆਦਿ ਨਾਲ ਸਬੰਧਤ ਹੁਨਰਮੰਦਾਂ ਨੂੰ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ ਅਤੇ ਬੈਂਕ ਕਰਜੇ ਮੁੱਹਈਆ ਕਰਵਾਏ ਜਾਂਦੇ ਹਨ। ਜਿਨ੍ਹਾਂ ਦੀ ਰਜਿਸਟ੍ਰੇਸ਼ਨ ਸੀ.ਐਸ.ਸੀ (ਕਾਮਨ ਸਰਵਿਸ ਸੈਂਟਰ) ਰਾਹੀਂ ਕੀਤੀ ਜਾ ਰਹੀ ਹੈ। ਇਸ ਸਕੀਮ ਅਧੀਨ ਪਹਿਲੀ ਸਟੇਜ ਦੌਰਾਨ ਪੇਂਡੂ ਖੇਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਸ਼ਹਿਰੀ ਖੇਤਰ ਵਿੱਚ ਕਾਰਜ ਸਾਧਕ ਅਫਸਰ ਵੱਲੋਂ ਸੀ.ਐਸ.ਸੀ ਅਧੀਨ ਰਜਿਸਟਰ ਹੋਏ ਪ੍ਰਾਰਥੀਆਂ ਦੀ ਨਿੱਜੀ ਪੱਧਰ ਤੇ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਕੇਸ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚੁਣੇ ਗਏ ਪ੍ਰਾਰਥੀਆਂ ਨੂੰ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦੋਰਾਨ ਰੋਜਾਨਾ 500 ਰੁ: ਸਟਾਇਪੈਂਡ ਅਤੇ 15000 ਰੁ: ਦੀ ਟੂਲ-ਕਿੱਟ ਦਿੱਤੀ ਜਾਂਦੀ ਹੈ। ਟ੍ਰੇਨਿੰਗ ਪੂਰੀ ਹੋਣ ਉਪਰੰਤ ਇੱਕ ਲੱਖ ਰੁਪਏ ਤੱਕ ਦਾ ਲੋਨ 5 ਫ਼ੀਸਦੀ ਵਿਆਜ ਦਰ ਤੇ 18 ਮਹੀਨਿਆਂ ਲਈ ਦਿੱਤਾ ਜਾਂਦਾ ਹੈ। ਪਹਿਲਾ ਲੋਨ ਸਫਲਤਾ ਪੂਰਵਕ ਪੂਰ ਹੋਣ ਤੇ 2 ਲੱਖ ਰੁਪਏ ਤੱਕ ਦਾ ਲੋਨ 5 ਫ਼ੀਸਦੀ ਵਿਆਜ ਦਰ ਤੇ 30 ਮਹੀਨਿਆਂ ਲਈ ਦਿੱਤਾ ਜਾਂਦਾ ਹੈ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਸ. ਮਾਨ ਮੋਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਜ-2 ਦੀ ਵੈਰੀਫਿਕੇਸ਼ਨ ਅਧੀਨ 135 ਪੈਂਡਿੰਗ ਕੇਸ ਰੱਖੇ ਗਏ ਹਨ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ.ਅਰਵਿੰਦਰ ਪਾਲ ਸਿੰਘ ਸੋਮਲ, ਉੱਚ ਉਦਯੋਗਿਕ ਉੱਨਤੀ ਅਫਸਰ ਸ. ਰਮਿੰਦਰਪਾਲ ਸਿੰਘ, ਅਤੇ ਹੋਰ ਵਿਭਗਾਂ ਦੇ ਸਮੂਹ ਕਮੇਟੀ ਮੈਂਬਰ ਸ਼ਾਮਿਲ ਹੋਏ।