ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਲਈ ਸੀ.ਪੀ.ਆਰ. ਸਿਖਲਾਈ ਅਤੇ ਲਾਈਵ ਵਰਕਸ਼ਾਪ ਦਾ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਲਈ ਸੀ.ਪੀ.ਆਰ. ਸਿਖਲਾਈ ਅਤੇ ਲਾਈਵ ਵਰਕਸ਼ਾਪ ਦਾ ਆਯੋਜਨ
ਸੀਪੀਆਰ ਤਕਨੀਕ ਸਿੱਖਣ ਨਾਲ ਬਚਾਈਆਂ ਜਾ ਸਕਦੀਆਂ ਕੀਮਤੀ ਜਾਨਾਂ : ਸਹਾਇਕ ਕਮਿਸ਼ਨਰ
ਰੂਪਨਗਰ, 13 ਜੂਨ: ਡਾ. ਬੀ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ ਵੱਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਲਈ ਸੀ.ਪੀ.ਆਰ. ਸਿਖਲਾਈ ਅਤੇ ਲਾਈਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਕਿਹਾ ਕਿ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਇੱਕ ਜੀਵਨ ਬਚਾਉਣ ਵਾਲੀ ਤਕਨੀਕ ਹੈ ਜੋ ਦਿਲ ਦੇ ਦੌਰੇ ਵਰਗੀਆਂ ਐਮਰਜੈਂਸੀ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਡਾਕਟਰੀ ਸਹਾਇਤਾ ਆਉਣ ਤੱਕ ਖੂਨ ਸੰਚਾਰ ਅਤੇ ਸਾਹ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਤੁਰੰਤ ਅਤੇ ਸਹੀ ਢੰਗ ਨਾਲ ਦਿੱਤੀ ਗਈ ਸੀਪੀਆਰ ਨਾਲ ਬਚਾਅ ਦੀਆਂ ਸੰਭਾਵਨਾਵਾਂ ਬਹੁਤ ਜਿਆਦਾ ਵੱਧ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਫਸਟ ਏਡ ਸੀਪੀਆਰ (ਬਣਾਉਟੀ ਸਾਹ ਕਿਰਿਆ) ਜਖਮੀਆਂ ਤੇ ਲੋੜਵੰਦਾਂ ਦੀ ਸੇਵਾ ਸੰਭਾਲ ਦੀ ਇਹ ਟ੍ਰੇਨਿੰਗ ਜਰੂਰ ਲੈਣੀ ਚਾਹੀਦੀ ਹੈ ਤਾਂ ਜੋ ਘਰ ਦਫਤਰ ਸੜਕਾਂ ਤੇ ਕਿਸੇ ਹਾਦਸੇ ਸੰਕਟ ਸਮੇਂ ਪੀੜਤਾਂ ਦੀ ਜਾਨਾਂ ਬਚਾਈਆਂ ਜਾ ਸਕਣ।
ਡਾ. ਬੀ.ਪੀ.ਐਸ. ਪਰਮਾਰ ਨੇ ਇਸ ਮੌਕੇ ਕਿਹਾ ਕਿ ਦੇਸ਼ ਭਰ ਵਿੱਚ ਏ.ਐਸ.ਆਈ. ਸਰਜਨ ਹਫ਼ਤਾ 8 ਤੋਂ 14 ਜੂਨ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਡਾ. ਸੁਸ਼ੀਲ ਕੁਮਾਰ ਦੁਆਰਾ ਦਿੱਤੀ ਗਈ ਜੋ ਪਰਮਾਰ ਹਸਪਤਾਲ ਵਿੱਚ ਸਲਾਹਕਾਰ ਅਨੱਸਥੀਸੀਓਲੋਜੀ ਅਤੇ ਕ੍ਰਿਟੀਕਲ ਕੇਅਰ ਵਜੋਂ ਕੰਮ ਕਰ ਰਹੇ ਹਨ। ਉਹ ਬੀ.ਐਲ.ਐਸ. ਅਤੇ ਏ.ਐਲ.ਐਸ. ਟ੍ਰੇਨਰ ਵਜੋਂ ਇੱਕ ਪ੍ਰਸਿੱਧ ਚਿਹਰਾ ਹਨ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਰੋਟਰੀ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਰੋਟਰੀ ਕਲੱਬ ਅਰੀਨਾ ਚਾਨਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਕਰਮਚਾਰੀ ਹਾਜ਼ਰ ਸਨ।