ਡਿਪਟੀ ਕਮਿਸ਼ਨਰ ਨੇ ਸਰਹਿੰਦ ਨਹਿਰ ਦੇ ਪੁੱਲ ਦੀ ਉਸਾਰੀ ‘ਚ ਦੇਰੀ ਕਰਨ ਸਦਕਾ ਨੋਟਿਸ ਜਾਰੀ ਕੀਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਸਰਹਿੰਦ ਨਹਿਰ ਦੇ ਪੁੱਲ ਦੀ ਉਸਾਰੀ ‘ਚ ਦੇਰੀ ਕਰਨ ਸਦਕਾ ਨੋਟਿਸ ਜਾਰੀ ਕੀਤਾ
ਰੂਪਨਗਰ, 29 ਨਵੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਰੋਪੜ ਵਿਖੇ ਨਹਿਰੂ ਸਟੇਡੀਅਮ ਨੇੜੇ ਸਰਹਿੰਦ ਨਹਿਰ ਉੱਤੇ ਬਣਾਏ ਜਾ ਰਹੇ ਪੁੱਲ ਦੀ ਉਸਾਰੀ ਦਾ ਨਿਰੀਖਣ ਕਰਨ ਉਪਰੰਤ ਕੰਮ ਵਿਚ ਦੇਰੀ ਹੋਣ ਕਾਰਨ ਕਾਰਜਕਾਰੀ ਇੰਜੀਨਿਆਰ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਨੂੰ ਨੋਟਿਸ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿਖੇ ਨਹਿਰੂ ਸਟੇਡੀਅਮ ਦੇ ਨਜਦੀਕ ਨੈਸ਼ਨਲ ਹਾਈਵੇ, ਲੋਕ ਨਿਰਮਾਣ ਵਿਭਾਗ ਵੱਲੋ ਨਵਾਂ ਪੁੱਲ ਬਣਾਇਆ ਜਾ ਰਿਹਾ ਹੈ। ਇਸ ਪੁੱਲ ਦੇ ਨਿਰਮਾਣ ਦਾ ਕੰਮ ਨਿਰਧਾਰਤ ਸਮਾਂ ਲੰਘ ਜਾਣ ਉਪਰੰਤ ਵੀ ਅਜੇ ਤੱਕ ਮੁਕੰਮਲ ਨਹੀਂ ਹੋਇਆ ਹੈ। ਜਿਸ ਕਾਰਣ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਵੱਧ ਗਈ ਹੈ ਅਤੇ ਆਸ-ਪਾਸ ਤੇ 30 ਪਿੰਡਾਂ ਦੇ ਕਰੀਬ ਵਾਸੀਆਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਪੁੱਲ ਦੇ ਨਿਰਮਾਣ ਦਾ ਕੰਮ ਕਾਫੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਪੁੱਲ ਦੇ ਕੰਮ ਨੂੰ ਮੁਕੰਮਲ ਕਰਨ ਲਈ 15 ਦਸੰਬਰ ਤੱਕ ਦਾ ਹੋਰ ਸਮਾਂ ਮੰਗਿਆ ਜਾ ਰਿਹਾ ਹੈ। ਜੋ ਕਿ ਪੁੱਲ ਦੀ ਉਸਾਰੀ ਨੂੰ ਲੈ ਕੇ ਕੀਤੀ ਜਾ ਰਹੀ ਅਣਗਿਹਲੀ ਨੂੰ ਦਰਸਾਉਂਦਾ ਹੈ ਅਤੇ ਜਿਸ ਨਾਲ ਵੱਡੀ ਗਿਣਤੀ ਵਿਚ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਰਧਾਰਿਤ ਕੀਤੇ ਗਏ ਟੀਚੇ ਅਨੁਸਾਰ ਅਗਲੇ 4-5 ਦਿਨਾਂ ਵਿਚ ਪੁੱਲ ਦੀ ਉਸਾਰੀ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਚੱਲ ਰਹੇ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।