ਡਿਪਟੀ ਕਮਿਸ਼ਨਰ ਨੇ ਮਾਈਨਿੰਗ ਵਿਭਾਗ ਨੂੰ ਕਰੈਸ਼ਰਾਂ ‘ਤੇ ਕੀਤੇ ਜੁਰਮਾਨੇ ਜਲਦ ਵਸੂਲਣ ਦੇ ਕੀਤੇ ਹੁਕਮ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਮਾਈਨਿੰਗ ਵਿਭਾਗ ਨੂੰ ਕਰੈਸ਼ਰਾਂ ‘ਤੇ ਕੀਤੇ ਜੁਰਮਾਨੇ ਜਲਦ ਵਸੂਲਣ ਦੇ ਕੀਤੇ ਹੁਕਮ
ਰੂਪਨਗਰ, 30 ਅਗਸਤ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਵਿਆਪਕ ਪੱਧਰ ਉਤੇ ਕਾਰਵਾਈ ਕਰਕੇ ਜੁਰਮਾਨੇ ਲਗਾਏ ਗਏ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਈਨਿੰਗ ਵਿਭਾਗ ਦੇ ਐਕਸੀਅਨ ਰੂਪਨਗਰ ਤੁਸ਼ਾਲ ਗੋਇਲ ਅਤੇ ਐਕਸੀਅਨ ਸ਼੍ਰੀ ਅਨੰਦਪੁਰ ਸਾਹਿਬ ਗੁਰਤੇਜ ਸਿੰਘ ਗਰਚਾ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਵਲੋਂ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਵਾਲੇ ਕਰੈਸ਼ਰਾਂ ਨੂੰ ਕੀਤੇ ਜੁਰਮਾਨੇ ਜਲਦ ਵਸੂਲ ਕੀਤੇ ਜਾਣ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਜਿੰਨਾਂ ਕਰੈਸ਼ਰਾਂ ਅਤੇ ਜ਼ਮੀਨ ਮਾਲਕਾਂ ਉਤੇ ਗੈਰ ਕਾਨੂੰਨੀ ਮਾਈਨਿੰਗ ਸਦਕਾ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਲਗਾਏ ਗਏ ਹਨ ਉਨ੍ਹਾਂ ਸਬੰਧੀ ਸਾਰੇ ਵੇਰਵੇ ਅਤੇ ਮਲਕੀਅਤ ਦੀ ਮੁਕੰਮਲ ਜਾਣਕਾਰੀ ਮਾਲ ਵਿਭਾਗ ਤੋਂ ਲੈ ਕੇ ਮਾਈਨਿੰਗ ਵਿਭਾਗ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੀਤੇ ਹੋਏ ਜੁਰਮਾਨੇ ਦੀ ਰਾਸ਼ੀ ਨੂੰ ਵਸੂਲ ਕੀਤਾ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਮਾਈਨਿੰਗ ਵਿਭਾਗ ਦੁਆਰਾ ਪੇਸ਼ ਕੀਤੀ ਮਾਈਨਿੰਗ ਸਾਈਟਾਂ ਦੀ ਰਿਪੋਰਟ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਇਹ ਮੀਟਿੰਗ ਵਿਭਾਗਾਂ ਦੇ ਵਿਚਕਾਰ ਤਾਲਮੇਲ ਨੂੰ ਵਧਾਉਣਾ ਹੈ ਤਾਂ ਜੋ ਮਾਈਨਿੰਗ ਦੀ ਰਿਕਵਰੀ ਸਬੰਧੀ ਕੋਈ ਵੀ ਮਾਮਲਾ ਲੰਬਿਤ ਨਾ ਰਹੇ ਅਤੇ ਹਰ ਮਾਮਲੇ ਦਾ ਨਿਪਟਾਰਾ ਜੰਗੀ ਪੱਧਰ ਉਤੇ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਅੱਗੇ ਹਦਾਇਤ ਕਰਦਿਆਂ ਕਿਹਾ ਕਿ ਜਿੰਨਾਂ ਵੀ ਕਰੈਸ਼ਰ ਮਾਲਕਾਂ ਵਿਰੁੱਧ ਐਮ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਰੁੱਧ ਕਿਸੇ ਵੀ ਮਾਮਲੇ ਸਬੰਧੀ ਅਣਦੇਖੀ ਨਾ ਕੀਤੀ ਜਾਵੇ ਅਤੇ ਇਸ ਕਾਰਗੁਜਾਰੀ ਵਿਚ ਹੋਰ ਪਾਰਦਰਸ਼ਤਾ ਅਤੇ ਨਿਰਪੱਖਤਾ ਲਿਆਉਣ ਦੇ ਮੰਤਵ ਨਾਲ ਹੀ ਸਾਰੇ ਐਸ.ਡੀ.ਐਮ ਦੀ ਚੈਕਿੰਗ ਕਰਨ ਦੀ ਡਿਊਟੀ ਦੂਜੇ ਬਲਾਕਾਂ ਵਿਚ ਲਗਾਈ ਗਈ ਹੈ।
ਉਨ੍ਹਾਂ ਰਿਜਨਲ ਟ੍ਰਾਂਸਪੋਰਟ ਗੁਰਵਿੰਦਰ ਸਿੰਘ ਜੌਹਲ ਨੂੰ ਕਿਹਾ ਕਿ ਰੇਤਾ, ਬਜਰੀ ਅਤੇ ਮਾਈਨਿੰਗ ਸਬੰਧੀ ਹੋਰ ਮਟਰੀਅਲ ਦੀ ਢੋਆ ਢੁਆਈ ਕਰਨ ਵਾਲੇ ਟਿੱਪਰਾਂ ਟਰੱਕਾਂ ਦੇ ਕਾਗਜਾਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਅਤੇ ਓਵਰਲੋਡਿੰਗ ਵਾਹਨਾਂ ਦੇ ਚਲਾਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਜਾਇਜ ਮਾਈਨਿੰਗ ਦੀ ਸ਼ਿਕਾਇਤਾਂ ਵਿਰੁੱਧ ਬਿਨਾਂ ਦੇਰੀ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਈ ਜਾਵੇ ਅਤੇ ਹਿਮਾਚਲ ਤੋਂ ਆਉਣ ਵਾਲੇ ਮਾਈਨਿੰਗ ਮਟਰੀਅਲ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰਾਂ ਦੀ ਵੀ ਚੈਕਿੰਗ ਰੋਜ਼ਾਨਾ ਕੀਤੀ ਜਾਵੇ ਅਤੇ ਜੇਕਰ ਕੋਈ ਨਜਾਇਜ ਤੌਰ ਉਤੇ ਗੈਰ ਕਾਨੂੰਨੀ ਢੰਗ ਨਾਲ ਮਟਰੀਅਲ ਲੈ ਕੇ ਆਉਂਦਾ ਹੈ ਉਸ ਨੂੰ ਕਿਸੇ ਵੀ ਪੱਧਰ ਉਤੇ ਬਖਸਿਆ ਨਾ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਬੰਧਿਤ ਐਸ.ਡੀ.ਐਮ ਇੰਟਰਸਟੇਟ ਬਾਡਰ ਅਤੇ ਇੰਟਰਸਟੇਟ ਡਿਸਟਿਕ ਬਾਡਰ ਉਤੇ ਲਗਾਈਆਂ ਗਈਆਂ ਚੈੱਕ ਪੋਸਟਾਂ ਉਤੇ ਕਰਮਚਾਰੀਆਂ ਦੀ ਨਿਗਰਾਨੀ ਰੋਜ਼ਾਨਾ ਕਰਨ ਅਤੇ ਇਥੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰੇ 24 ਘੰਟੇ ਚਲਣੇ ਯਕੀਨੀ ਹੋਣੇ ਚਾਹੀਦੇ ਹਨ। ਇਸ ਦੇ ਸਮੇਤ ਹੀ ਹਰ ਵਹੀਕਲ ਦੀ ਐਂਟਰੀ ਰਜਿਸਟਰ ਵਿਚ ਦਰਜ ਕਰਕੇ ਰਿਕਾਰਡ ਲਾਜ਼ਮੀ ਕੀਤਾ ਹੋਣਾ ਚਾਹੀਦਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਪੀ. ਰੁਪਿੰਦਰ ਕੌਰ ਸਰਾਂ, ਆਰ.ਟੀ.ਏ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਰੂਪਨਗਰ ਨਵਦੀਪ ਕੁਮਾਰ, ਐਸ.ਡੀ.ਐਮ. ਨੰਗਲ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ, ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ, ਐਕਸੀਅਨ ਮਾਈਨਿੰਗ ਰੂਪਨਗਰ ਤੁਸ਼ਾਰ ਗੋਇਲ, ਐਕਸੀਅਨ ਮਾਈਨਿੰਗ ਸ੍ਰੀ ਅਨੰਦਪੁਰ ਸਾਹਿਬ ਗੁਰਤੇਜ ਸਿੰਘ, ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਜ਼ਿਲ੍ਹਾ ਵਣ ਅਫ਼ਸਰ ਹਰਜਿੰਦਰ ਸਿੰਘ, ਡੀ.ਐਸ.ਪੀ. ਰੂਪਨਗਰ ਹਰਪਿੰਦਰ ਕੌਰ, ਡੀ.ਐਸ.ਪੀ.ਨੰਗਲ ਕੁਲਬੀਰ ਸਿੰਘ ਠੱਕਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।