ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਜਾਰੀ ਕੀਤੀਆਂ

ਪ੍ਰਕਾਸ਼ਨ ਦੀ ਮਿਤੀ : 05/03/2024
Deputy Commissioner released mini kits of summer vegetable seeds prepared by Horticulture Department

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਘਰੇਲੂ ਬਗੀਚੀ ਅਪਣਾਓ, ਬਿਮਾਰੀਆਂ ਤੋਂ ਛੁਟਕਾਰਾ ਪਾਓ

ਡਿਪਟੀ ਕਮਿਸ਼ਨਰ ਨੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਜਾਰੀ ਕੀਤੀਆਂ

ਰੂਪਨਗਰ, 5 ਮਾਰਚ: ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਆਈ.ਏ.ਐਸ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਜ਼ਿਲ੍ਹਾ ਰੂਪਨਗਰ ਲਈ ਜਾਰੀ ਕੀਤੀਆਂ ਗਈਆਂ।

ਇਸ ਮੌਕੇ ਤੇ ਉਹਨਾਂ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਘਰੇਲੂ ਬਗੀਚੀ ਅਪਨਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਘਰੇਲੂ ਪੱਧਰ ਪੈਦਾ ਕੀਤੀਆਂ ਗਈਆਂ ਰਸਾਇਣ ਮੁਕਤ ਸ਼ਬਜੀਆਂ ਜਿਥੇ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਉਥੇ ਸਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਪਹੁੰਚਾਉਂਦੀਆਂ ਹਨ। ਤਾਜੀਆਂ ਅਤੇ ਰਸਾਇਣ ਮੁਕਤ ਸਬਜੀਆਂ ਖਾਣ ਨਾਲ ਪੋਸ਼ਟਿਕ ਤੱਤ ਪ੍ਰਾਪਤ ਹੋਣ ਕਰਕੇ ਸਰੀਰਕ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ।

ਇਸ ਮੌਕੇ ਉਤੇ ਸਹਾਇਕ ਡਾਇਰੈਕਟਰ ਬਾਗਬਾਨੀ, ਰੂਪਨਗਰ ਸ੍ਰੀ ਰਾਜੇਸ਼ ਕੁਮਾਰ ਵੱਲੋ ਦੱਸਿਆ ਗਿਆ ਕਿ ਘਰੇਲੂ ਪੱਧਰ ਉਤੇ ਸਬਜੀਆਂ ਵਿੱਚ ਕੀੜੇ/ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਅਤੇ ਮਿੱਟੀ/ਪੌਦੇ ਵਿੱਚ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਦੀ ਬਜਾਏ ਰੂੜੀ ਖਾਦ ਅਤੇ ਗੰਡੋਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਬਜੀ ਬੀਜ ਕਿੱਟ ਵਿੱਚ ਭਿੰਡੀ, ਕਰੇਲਾ, ਚੱਪਣ ਕੱਦੂ, ਕਾਉਪੀਜ਼, ਟੀਡਾ ਅਤੇ ਤਰ ਆਦਿ ਸ਼ਾਮਿਲ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ। ਇਸ ਵਿੱਚ ਇੱਕ ਪਰਿਵਾਰ ਲਈ ਲਗਭਗ 500 ਕਿੱਲੋ ਦੇ ਕਰੀਬ ਸਬਜੀ ਪੈਦਾ ਹੋਵੇਗੀ ਜੋ ਪਰਵਾਰ ਦੀ ਲੋੜ ਨੂੰ ਪੂਰਾ ਕਰੇਗੀ। ਇਹ ਸਬਜੀ ਬੀਜ ਮਿੰਨੀ ਕਿੱਟਾਂ ਜ਼ਿਲ੍ਹਾ ਬਾਗਬਾਨੀ ਦਫਤਰ ਅਤੇ ਵੱਖ ਵੱਖ ਬਲਾਕਾਂ ਦੇ ਬਾਗਬਾਨੀ ਦਫਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇੱਕ ਸਬਜੀ ਬੀਜ ਕਿੱਟ ਦਾ ਰੇਟ 80/- ਰੁਪਏ ਹੈ।

ਇਸ ਮੌਕੇ ਉਤੇ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਬਾਗਬਾਨੀ ਵਿਕਾਸ ਅਫਸਰ ਸ੍ਰੀ ਚਤੁਰਜੀਤ ਸਿੰਘ ਰਤਨ , ਸ੍ਰੀ ਯੁਵਰਾਜ ਅਤੇ ਉਨ੍ਹਾਂ ਦੇ ਟੀਮ ਮੈਂਬਰ ਹਾਜ਼ਰ ਸਨ।