ਡਿਪਟੀ ਕਮਿਸ਼ਨਰ ਨੇ ਬਾਈ ਪਾਸ ‘ਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਕਾਰਜ ਨਿਰਧਾਰਿਤ ਸਮੇਂ ‘ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਬਾਈ ਪਾਸ ‘ਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਕਾਰਜ ਨਿਰਧਾਰਿਤ ਸਮੇਂ ‘ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ
ਰੂਪਨਗਰ, 29 ਨਵੰਬਰ: ਸ਼ਹਿਰ ਵਾਸੀਆਂ ਨੂੰ ਜਨਤਕ ਟ੍ਰਾਂਸਪੋਰਟ ਸਬੰਧਿਤ ਸੇਵਾਵਾਂ ਯਕੀਨੀ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬਾਈ ਪਾਸ ਉਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਕਾਰਜ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਐਕਸੀਅਨ ਲੋਕ ਨਿਰਮਾਣ ਵਿਭਾਗ ਦਵਿੰਦਰ ਬਜਾਜ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਐਕਸੀਅਨ ਮਾਈਕਲ ਸਮੇਤ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਸਾਰੇ ਜਾ ਰਹੇ ਨਵੇਂ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਇਮਾਰਤ ਦੇ ਹਰ ਹਿੱਸੇ ਵਿਚ ਜਾ ਕੇ ਕਾਰਜਾਂ ਦੀ ਸਮੀਖਿਆ ਕੀਤੀ।
ਐਕਸੀਅਨ ਲੋਕ ਨਿਰਮਾਣ ਵਿਭਾਗ ਦਵਿੰਦਰ ਬਜਾਜ ਨੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਸਟੈਂਡ ਦਾ 70 ਫੀਸਦ ਕੰਮ ਦੇ ਕਰੀਬ ਪੂਰਾ ਹੋ ਚੁੱਕਿਆ ਹੈ ਅਤੇ ਅੱਗੇ ਵੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਹਾਜ਼ਰ ਅਧਿਕਾਰੀਆਂ ਨੂੰ ਨਵੇਂ ਬੱਸ ਸਟੈਂਡ ਦੇ ਕਾਰਜ ਦੀ ਉਸਾਰੀ ਵਿਚ ਕਿਸੇ ਵੀ ਤਰ੍ਹਾਂ ਢਿੱਲ ਜਾ ਅਣਗਿਹਲੀ ਨਾ ਕਰਨ ਦੀ ਹਦਾਇਤ ਜਾਰੀ ਕੀਤੀ।
ਉਨ੍ਹਾਂ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੂਪਨਗਰ ਵਿਖੇ ਬੱਸ ਸਟੈਂਡ ਦੀ ਸੇਵਾ ਨਾ ਹੋਣ ਕਾਰਨ ਆਮ ਲੋਕਾਂ ਨੂੰ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੱਸ ਸਟੈਂਡ ਨਾਲ ਸਬੰਧਿਤ ਹਰ ਕਾਰਜ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨਾ ਯਕੀਨੀ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਨਵ ਉਸਾਰੇ ਜਾ ਰਹੇ ਬੱਸ ਸਟੈਂਡ ਦੀਆਂ ਸੇਵਾਵਾਂ ਜਲਦ ਤੋਂ ਜਲਦ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਮੌਕੇ ਉਤੇ ਹੀ ਠੇਕੇਦਾਰ ਵਲੋਂ ਮਿੱਟੀ ਦੀ ਸਪਲਾਈ ਦੇ ਕਾਰਨ ਰੁਕੇ ਕੰਮ ਨੂੰ ਮੌਕੇ ਉਤੇ ਹੀ ਹੱਲ ਕੀਤਾ ਅਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਅੱਗੇ ਵੀ ਜੇਕਰ ਕਿਸੇ ਵੀ ਕਾਰਨ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਰੁਕਦਾ ਹੈ ਤਾਂ ਤੁਰੰਤ ਉਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਇਆ ਜਾਵੇ ਤਾਂ ਜੋ ਹਰ ਕੰਮ ਨੂੰ ਜਲਦ ਮੁਕੰਮਲ ਕਰਕੇ ਇਹ ਬੱਸ ਸਟੈਂਡ ਆਮ ਲੋਕਾਂ ਨੂੰ ਸਪੁਰਦ ਕੀਤਾ ਜਾਵੇ।