ਡਿਪਟੀ ਕਮਿਸ਼ਨਰ ਨੇ ਪੇਂਡੂ ਤੇ ਸ਼ਹਿਰੀ ਵਿਕਾਸ ਦੇ ਕਾਰਜਾਂ ਨੂੰ ਨਿਰਧਾਰਿਤ ਸਮੇਂ ‘ਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਪੇਂਡੂ ਤੇ ਸ਼ਹਿਰੀ ਵਿਕਾਸ ਦੇ ਕਾਰਜਾਂ ਨੂੰ ਨਿਰਧਾਰਿਤ ਸਮੇਂ ‘ਚ ਮੁਕੰਮਲ ਕਰਨ ਦੀ ਹਦਾਇਤ ਦਿੱਤੀ
ਪਿੰਡਾਂ ‘ਚ ਟੋਬਿਆਂ ਦੇ ਪਾਣੀ ਨੂੰ ਸੰਚਾਈ ਲਈ ਵਰਤਣਯੋਗ ਬਣਾਉਣ ਲਈ ਸੀਚੇਵਾਲ/ਥਾਪਰ ਮਾਡਲ ਦੇ ਉਸਾਰੀ ਕਾਰਜਾਂ ਦਾ ਸਮੀਖਿਆ ਕੀਤੀ
ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕੀਤੇ ਜਾਣਗੇ
ਰੂਪਨਗਰ, 27 ਮਾਰਚ: ਜ਼ਿਲ੍ਹਾ ਰੂਪਨਗਰ ਦੇ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਰਕਾਰੀ ਸੇਵਾਵਾਂ ਨੂੰ ਜ਼ਮੀਨੀ ਪੱਧਰ ਉਤੇ ਉਪਲਬੱਧ ਕਰਵਾਉਣ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਐੱਸ.ਡੀ.ਐਮ ਅਤੇ ਕਾਰਜਸਾਧਕ ਅਫਸਰ, ਬਲਾਕ ਡਿਵਲੈਪਮੈਂਟ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਅਧੀਨ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਅਧੀਨ ਚੱਲ ਰਹੇ ਖੇਡ ਮੈਦਾਨ ਦੀ ਉਸਾਰੀ ਦੇ ਕਾਰਜ ਦੀ ਸਮੀਖਿਆ ਕਰਦਿਆਂ ਕਿਹਾ ਕਿ ਬਲਾਕ ਡਿਵਲੈਪਮੈਂਟ ਅਫਸਰ ਹਰ ਪਿੰਡ ਵਿਚ ਖੇਡ ਮੈਦਾਨ ਬਣਾਉਣ ਦੇ ਕਾਰਜ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਨ।
ਉਨ੍ਹਾਂ ਬਲਾਕ ਵਿਕਾਸ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਗ੍ਰਾਮ ਪੰਚਾਇਤਾਂ ਨਾਲ ਤਾਲਮੇਲ ਕਰਕੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਦੀ ਪ੍ਰਕੀਰਿਆ ਆਰੰਭ ਕਰਨ ਜਿਸ ਦੀ ਸਮੀਖਿਆ ਉਨ੍ਹਾਂ ਵਲੋਂ ਨਿਰੰਤਰ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਦੇ ਟੋਬਿਆਂ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਸੀਚੇਵਾਲ/ਥਾਪਰ ਮਾਡਲ ਦੇ ਪ੍ਰਾਜੈਕਟ ਦੀ ਉਸਾਰੀ ਜੰਗੀ ਪੱਧਰ ਉਤੇ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਟੋਬਿਆਂ ਦੇ ਪਾਣੀ ਨੂੰ ਵੱਧ ਤੋਂ ਵੱਧ ਫਸਲਾਂ ਦੀ ਸਿੰਚਾਈ ਦੇ ਲਈ ਵਰਤਣ ਯੋਗ ਬਣਾਈਏ।
ਉਨ੍ਹਾਂ ਕਿਹਾ ਕਿ ਸੀਚੇਵਾਲ/ਥਾਪਰ ਮਾਡਲ ਲਈ ਯੋਗ ਟੋਬਿਆਂ ਦੀ ਸੂਚੀ 30 ਅਪ੍ਰੈਲ 2025 ਤੋਂ ਪਹਿਲਾਂ ਬਣਾ ਲਈ ਜਾਵੇ ਅਤੇ 25 ਅਪ੍ਰੈਲ ਤੱਕ ਇਨ੍ਹਾਂ ਟੋਬਿਆਂ ਨੂੰ ਮੁਕੰਮਲ ਤੌਰ ਉਤੇ ਸਾਫ ਕਰ ਦਿੱਤਾ ਜਾਵੇ। ਹਰ ਪਿੰਡ ਵਿਚ ਪ੍ਰਾਜੈਕਟ ਦੀ ਉਸਾਰੀ ਦਾ ਕਾਰਜ 15 ਮਈ 2025 ਤੱਕ ਸ਼ੁਰੂ ਕਰ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਸ ਕਾਰਜ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਪਿੰਡਾਂ ਵਿਚ ਕੂੜਾ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦੇਣ ਬਾਰੇ ਵੀ ਕਿਹਾ।
ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਸ਼ਹਿਰੀ ਇਲਾਕਿਆਂ ਦੇ ਸੈਨੀਟੇਸ਼ਨ, ਸੀਵਰੇਜ, ਸੜਕਾਂ, ਸਟ੍ਰੀਟ ਲਾਈਟਾਂ, ਪਾਰਕਾਂ ਅਤੇ ਪਾਣੀ ਦੀ ਸਪਲਾਈ ਸਬੰਧੀ ਹਰ ਮਾਮਲੇ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਇਆ ਜਾਵੇ ਤਾਂ ਜੋ ਆਮ ਲੋਕਾਂ ਵਲੋਂ ਕੀਤੀ ਜਾਂਦੀਆਂ ਇਸ ਸਬੰਧੀ ਸ਼ਿਕਾਇਤਾਂ ਨੂੰ ਨਿਰਧਾਰਿਤ ਸਮੇਂ ਵਿਚ ਹੱਲ ਕੀਤਾ ਜਾਵੇ। ਜਿਸ ਤਹਿਤ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ਉਤੇ ਵਿਚਾਰਿਆ ਜਾਵੇ।
ਉਨ੍ਹਾਂ ਕਿਹਾ ਕਿ ਜਿਨਾਂ ਪਿੰਡਾਂ ਵਿੱਚ ਥਾਪਰ ਮਾਡਲ ਨਹੀਂ ਬਣ ਸਕਦਾ ਉੱਥੇ ਛੱਪੜਾਂ ਦੀ ਡੀ-ਸੀਲਟਿੰਗ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਤਕਨੀਕੀ ਢੰਗ ਨਾਲ ਸਫਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸ਼ਹਿਰ ਤੇ ਪਿੰਡਾਂ ਦੀਆਂ ਜ਼ਿਆਦਾ ਖਸਤਾ ਹਾਲਤ ਵਾਲੀਆਂ ਸੜਕਾਂ ਨੂੰ ਜਲਦ ਮੁਰੰਮਤ ਕੀਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜੋਤੀ ਸਿੰਘ, ਸਹਾਇਕ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੋਮਲ, ਐਸਡੀਐਮ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਰੋਪੜ ਸਚਿਨ ਪਾਠਕ, ਐਸਡੀਐਮ ਨੰਗਲ ਅਨਮਜੋਤ ਕੌਰ, ਐਸ.ਡੀ.ਐਮ ਮੋਰਿੰਡਾ ਸੁਖਪਾਲ ਸਿੰਘ, ਸਮੂਹ ਬੀਡੀਪੀਓ, ਐਕਸੀਅਨ ਵਾਟਰ ਸਪਲਾਈ ਹਰਜੀਤ ਪਾਲ ਸਿੰਘ, ਐਕਸੀਐਨ ਪੰਚਾਇਤੀ ਰਾਜ ਅਵਤਾਰ ਸਿੰਘ, ਸਮੂਹ ਕਾਰਜ ਸਾਧਕ ਅਫਸਰ, ਬੀਡੀਪੀਓ ਅਤੇ ਹੋਰ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।