ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ
ਰੂਪਨਗਰ, 14 ਅਪ੍ਰੈਲ: ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਯੋਤੀ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਸਮੇਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ਼ ਭੇਟ ਕੀਤੇ ਗਏ।
ਇਸ ਮੌਕੇ ਸ਼੍ਰੀਮਤੀ ਚੰਦਰਯੋਤੀ ਸਿੰਘ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਗੌਰਵ ਦੀ ਘੜੀ ਹੈ ਕਿ ਆਪਾਂ ਸਾਰੇ, ਅੱਜ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ’ਤੇ, ਉਨ੍ਹਾਂ ਦੀ ਦੇਸ਼ ਪ੍ਰਤੀ ਕੀਤੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇੱਕ ਸਮਾਜ ਸੁਧਾਰਕ, ਦਲਿਤ ਰਾਜਨੇਤਾ ਹੋਣ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ ਜਿਨ੍ਹਾਂ ਨੇ ਹਰ ਵਰਗ ਦੇ ਲੋੜਵੰਦਾਂ ਅਤੇ ਵਿਸ਼ੇਸ਼ ਤੌਰ ਉਤੇ ਔਰਤਾਂ ਦੇ ਅਧਿਕਾਰਾਂ ਲਈ ਲੰਬਾ ਤੇ ਔਂਕੜਾਂ ਭਰਿਆ ਸੰਘਰਸ਼ ਕੀਤਾ।
ਇਸ ਉਪਰੰਤ ਵਿਚਾਰ ਸਾਂਝੇ ਕਰਦਿਆਂ ਪੂਜਾ ਸਿਆਲ ਗਰੇਵਾਲ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਦੁਨੀਆ ਦਾ ਮਹਾਨ ਚਿੰਤਕ ਦੱਸਿਆ ਜਿਨ੍ਹਾਂ ਨੇ ਸਦੀਆਂ ਤੋਂ ਗੁਰਬੱਤ ਤੇ ਗੁਲਾਮੀ ਦੇ ਸ਼ਿਕਾਰ ਲੋਕਾਂ ਤੇ ਔਰਤਾਂ ਦੀ ਆਜ਼ਾਦੀ ਤੇ ਉਨ੍ਹਾਂ ਨੂੰ ਸਮਾਜਿਕ ਬਰਾਬਰਤਾ ਦਿਵਾਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਅਤੇ ਦੇਸ਼ ਦੀ ਅਜ਼ਾਦੀ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਯੋਗਦਾਨ ਸਭ ਤੋਂ ਮੋਹਰੀ ਰਿਹਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਕੇ ਸਾਡਾ ਦੇਸ਼ ਦਾ ਨੌਜਵਾਨ ਤਰੱਕੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਸਕਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ ਰੂਪਨਗਰ ਸਚਿਨ ਪਾਠਕ, ਡੀ ਪੀ ਆਰ ਓ ਕਰਨ ਮਹਿਤਾ, ਡੀਆਰਓ ਬਾਦਲਦੀਨ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਅਫ਼ਸਰ ਸ਼੍ਰੀ ਸੰਜੀਵ ਕੁਮਾਰ, ਐਡਵੋਕੇਟ ਚਰਨਜੀਤ ਸਿੰਘ ਘਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।