ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦੀ ਸੇਵਾ ਕੇਂਦਰਾਂ ਰਾਹੀਂ ਸ਼ੁਰੂਆਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦੀ ਸੇਵਾ ਕੇਂਦਰਾਂ ਰਾਹੀਂ ਸ਼ੁਰੂਆਤ
ਲੋਕਾਂ ਨੂੰ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਆਰਟੀਓ ਦਫ਼ਤਰ ’ਚ ਸਥਾਪਤ ਕੀਤਾ ਹੈਲਪ ਡੈਸਕ
ਰੂਪਨਗਰ, 04 ਨਵੰਬਰ: ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦੀ ਸੇਵਾਂ ਕੇਂਦਰਾਂ ਵਿਚ ਸ਼ੁਰੂਆਤ ਨਾਲ ਰਿਜਨਲ ਟਰਾਂਸਪੋਰਟ ਦਫਤਰ ਵਿਖੇ ਹੈਲਪ ਡੈਸਕ ਸਥਾਪਤ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਹੋਰ ਵੀ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣ ਬਾਰੇ ਜਾਣੂ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਵਿਚ ਫੇਸਲੈੱਸ ਆਰਟੀਓ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਸਮੇਤ ਟਰਾਂਸਪੋਰਟ ਵਿਭਾਗ ਦੀਆਂ 56 ਪ੍ਰਮੁੱਖ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਫੇਸਲੈੱਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਜਾਂ 1076 ਹੈਲਪਲਾਈਨ ਰਾਹੀਂ ਵੀ ਲਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਨਾਗਰਿਕਾਂ ਨੂੰ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਲਈ ਸਾਈਬਰ ਕੈਫੇ ਵਿਚ ਜਾ ਕੇ ਜਾਂ ਸਿੱਧਾ ਆਨਲਾਈਨ ਅਪਲਾਈ ਕਰਨਾ ਪੈਂਦਾ ਸੀ ਅਤੇ ਬਾਅਦ ਵਿਚ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਜਾਂ ਪੜਤਾਲ ਕਰਵਾਉਣ ਵਰਗੇ ਕੰਮਾਂ ਲਈ ਆਰਟੀਓ ਦਫ਼ਤਰਾਂ ਦੇ ਗੇੜੇ ਲਗਾਉਣੇ ਪੈਂਦੇ ਸਨ ਅਤੇ ਹੁਣ ਇਹ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਲੋਕਾ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਉਨ੍ਹਾਂ ਨੂੰ ਵਾਰ-ਵਾਰ ਆਰਟੀਓ ਦਫ਼ਤਰ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦੇ ਸਟਾਫ ਨੂੰ ਲੁੜੀਂਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਓ) ਸ. ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਲੋਕ ਟਰਾਂਸਪੋਰਟ ਵਿਭਾਗ ਦੀਆਂ ਇਨ੍ਹਾਂ ਸਹੂਲਤਾਂ ਨੂੰ ਘਰ ਬੈਠੇ ਵੀ ਹੈਲਪਲਾਈਨ ਨੰਬਰ-1076 ਰਾਹੀਂ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਆਰਟੀਓ ਦਫ਼ਤਰ ਵਿਚ ਪਹਿਲੇ ਦੋ ਹਫ਼ਤਿਆਂ ਲਈ ਹੈਲਪ ਡੈਸਕ ਲਾਇਆ ਗਿਆ ਹੈ। ਜਿੱਥੇ ਲੋਕਾਂ ਨੂੰ ਦਸਤਾਵੇਜ਼ਾਂ ਅਤੇ ਨਵੇਂ ਸਿਸਟਮ ਬਾਰੇ ਜਾਣੂ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਹੂਲਤਾਂ ਵਿਚ ਲਰਨਰ ਲਾਇਸੈਂਸ, ਲਾਇਸੈਂਸ ’ਤੇ ਰਿਹਾਇਸ਼ੀ ਪਤੇ ਜਾਂ ਨਾਮ ’ਚ ਤਬਦੀਲੀ, ਡੂਪਲੀਕੇਟ ਲਾਇਸੈਂਸ ਜਾਰੀ ਕਰਵਾਉਣਾ, ਡਰਾਈਵਿੰਗ ਲਾਇਸੈਂਸ, ਜਿਸ ਵਿਚ ਡਰਾਈਵ ਟੈਸਟ ਦੀ ਜ਼ਰੂਰਤ ਨਹੀਂ, ਨੂੰ ਰੀਨਿਊ ਕਰਵਾਉਣਾ, ਡਰਾਈਵਿੰਗ ਲਾਇਸੈਂਸ ਦੀ ਰਿਪਲੇਸਮੈਂਟ, ਜਨਮ ਮਿਤੀ ਵਿਚ ਸੋਧ, ਲਾਇਸੈਂਸ ਦੇ ਐਕਸਟਰੈਕਟ ਹਾਸਲ ਕਰਨਾ, ਕੰਡਕਟਰ ਲਾਇਸੈਂਸ ਰੀਨਿਊ ਕਰਵਾਉਣਾ, ਲਰਨਰ ਲਾਈਸੰਸ ਦੀ ਮਿਆਦ ਵਿਚ ਵਾਧਾ ਕਰਨਾ, ਡੁਪਲੀਕੇਟ ਡਰਾਈਵਿੰਗ ਲਾਇਸੈਂਸ ਕਰਵਾਉਣਾ, ਡਰਾਈਵਰ ਲਈ ਪਬਲਿਕ ਸਰਵਿਸ ਵ੍ਹੀਕਲ ਬੈਚ ਜਾਰੀ ਕਰਵਾਉਣਾ, ਇੰਟਰਨੈਸ਼ਨਲ ਡਰਾਈਵਿੰਗ ਪਰਮਟ ਜਾਰੀ ਕਰਵਾਉਣਾ, ਡੁਪਲੀਕੇਟ ਆਰਸੀ ਲਈ ਅਰਜੀ ਦੇਣਾ, ਆਰਸੀ ਤੇ ਪਤੇ ਵਿਚ ਤਬਦੀਲੀ, ਵਾਹਨ ਦੀ ਮਾਲਕੀ ਵਿਚ ਤਬਦੀਲੀ ਲਈ ਅਰਜ਼ੀ, ਵਾਧੂ ਲਾਈਫਟਾਈਮ ਟੈਕਸ ਦੀ ਅਦਾਇਗੀ, ਹਾਇਰ-ਪਰਚੈਜ ਐਗਰੀਮੈਂਟ ਨੂੰ ਤਸਦੀਕ ਕਰਵਾਉਣਾ, ਕਮਰਸ਼ੀਅਲ ਗੱਡੀਆਂ ਲਈ ਫਿਟਨਸ ਸਰਟੀਫਿਕੇਟ ਜਾਰੀ ਕਰਵਾਉਣਾ, ਹਾਇਰ-ਪਰਚੈਜ ਐਗਰੀਮੈਂਟ ਦੀ ਮਿਆਦ ’ਚ ਵਾਧਾ ਜਾਂ ਰੱਦ ਕਰਵਾਉਣਾ ਆਦਿ ਸੇਵਾਵਾਂ ਮੁੱਖ ਤੌਰ ’ਤੇ ਸ਼ਾਮਲ ਹਨ।