ਝੋਨੇ ਦੇ ਹਾਈਬ੍ਰਿਡ ਅਤੇ ਪੂਸਾ 44 ਕਿਸਮ ਨੂੰ ਬੀਜਣ ਤੋਂ ਗੁਰੇਜ਼ ਕਰਨ ਕਿਸਾਨ – ਮੁੱਖ ਖੇਤੀਬਾੜੀ ਅਫ਼ਸਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਝੋਨੇ ਦੇ ਹਾਈਬ੍ਰਿਡ ਅਤੇ ਪੂਸਾ 44 ਕਿਸਮ ਨੂੰ ਬੀਜਣ ਤੋਂ ਗੁਰੇਜ਼ ਕਰਨ ਕਿਸਾਨ – ਮੁੱਖ ਖੇਤੀਬਾੜੀ ਅਫ਼ਸਰ
ਰੂਪਨਗਰ, 22 ਮਈ: ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਝੋਨੇ ਦੀ ਪੈਦਾਵਾਰ ਦੀ ਖਰੀਦ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਅਤੇ ਪੂਸਾ 44 ਕਿਸਮਾਂ ਦੀ ਵਿਕਰੀ ਤੇ ਪੂਰਨ ਰੋਕ ਲਗਾਈ ਗਈ ਹੈ।
ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਗਠਿਤ ਟੀਮਾਂ ਲਗਾਤਾਰ ਡੀਲਰਾਂ ਦੀਆਂ ਚੈਕਿੰਗਾਂ ਕਰ ਰਹੀਆਂ ਹਨ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਡੀਲਰ ਹਾਈਬ੍ਰਿਡ ਅਤੇ ਪੂਸਾ 44 ਕਿਸਮਾਂ ਦੀ ਵਿਕਰੀ ਨਾ ਕਰੇ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਚੈਕਿੰਗ ਦੌਰਾਨ ਨੰਗਲ ਵਿਖੇ ਅਣ-ਅਧਿਕਾਰਤ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਹੋ ਰਹੀ ਵਿੱਕਰੀ ਤੇ ਛਾਪਾ ਮਾਰਿਆ ਗਿਆ ਅਤੇ ਡੀਲਰ ਵਿਰੁੱਧ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੈਦਾਵਾਰ ਦੀ ਏਜੰਸੀਆਂ ਵੱਲੋਂ ਨਿਰਵਿਘਨ ਖਰੀਦ ਲਈ ਸਿਰਫ ਪੀ.ਆਰ/ਪਰਮਲ ਕਿਸਮਾਂ ਹੀ ਬੀਜਣ ਅਤੇ ਹਾਈਬ੍ਰਿਡ, ਪੂਸਾ 44 ਦੀ ਬਿਜਾਈ ਤੋਂ ਗੁਰੇਜ਼ ਕਰਨ ਕਿੳਕਿ ਇਨ੍ਹਾਂ ਕਿਸਮਾਂ ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਅਤੇ ਖੇਤੀ ਖਰਚਾ ਵੱਧਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਦੂਜੇ ਰਾਜਾਂ ਤੋਂ ਇਨ੍ਹਾਂ ਬੀਜਾਂ ਦੀ ਖਰੀਦ ਨਾ ਕਰਨ ਅਤੇ ਆਪਣੇ ਨਾਲ ਦੇ ਕਿਸਾਨ ਵੀਰਾਂ ਨੂੰ ਵੀ ਇਨ੍ਹਾਂ ਬਿਜਾਈ ਨਾ ਕਰਨ ਲਈ ਪ੍ਰੇਰਿਤ ਕਰਨ।
ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਸਮੂਹ ਬਲਾਕ ਅਫਸਰਾਂ ਨੁੰ ਹਦਾਇਤ ਕੀਤੀ ਕਿ ਸਬੰਧਤ ਬਲਾਕਾਂ ਵਿੱਚ ਡੀਲਰਾਂ ਦੀ ਚੈਕਿੰਗ ਲਗਾਤਾਰ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਡੀਲਰਾਂ ਵਿਰੁੱਧ ਉੱਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।