ਝੋਨੇ ਦੇ ਮੱਧਰੇਪਨ ਵਾਇਰਸ ਬਾਰੇ ਕਿਸਾਨਾਂ ਨੂੰ ਜਾਗਰੂਕ ਰਹਿਣ ਦੀ ਅਪੀਲ – ਰਾਕੇਸ਼ ਕੁਮਾਰ ਸ਼ਰਮਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਝੋਨੇ ਦੇ ਮੱਧਰੇਪਨ ਵਾਇਰਸ ਬਾਰੇ ਕਿਸਾਨਾਂ ਨੂੰ ਜਾਗਰੂਕ ਰਹਿਣ ਦੀ ਅਪੀਲ – ਰਾਕੇਸ਼ ਕੁਮਾਰ ਸ਼ਰਮਾ
ਰੂਪਨਗਰ, 14 ਜੁਲਾਈ: ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਅਤੇ ਕਿਸਾਨ ਸਲਾਹਕਾਰ ਸੇਵਾ ਸੈਂਟਰ ਰੂਪਨਗਰ ਦੇ ਮਾਹਰਾਂ ਵੱਲੋਂ ਸਾਂਝੇ ਤੌਰ ਤੇ ਪਿੰਡ ਅਸਮਾਨਪੁਰ ਬਲਾਕ ਰੋਪੜ ਦੇ ਕਿਸਾਨ ਸ. ਗੁਰਮੀਤ ਸਿੰਘ ਅਤੇ ਸ. ਅਵਤਾਰ ਸਿੰਘ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਇਸ ਨਿਰੀਖਣ ਦੌਰਾਨ ਝੋਨੇ ਦੀ ਪੀ.ਆਰ. 128 ਅਤੇ ਪੀ.ਆਰ. 131 ਕਿਸਮ ਦੀ ਖੇਤ ਵਿੱਚ ਲਵਾਈ ਉਪਰੰਤ ਫਸਲ ਦੀ ਪ੍ਰਗਤੀ ਦੇਖੀ ਗਈ, ਜਿਸ ਵਿੱਚ ਕਮੇਟੀ ਵੱਲੋਂ ਇਹ ਪਾਇਆ ਗਿਆ ਕਿ ਕੁਝ ਕੁ ਪੌਦੇ ਦੱਖਣੀ ਚੌਲਾਂ ਦਾ ਕਾਲਾ ਧਾਰੀਆਂ ਵਾਲਾ ਡਵਾਰਫ ਵਾਇਰਸ (ਐਸਆਰਬੀਐਸਡੀਵੀ) ਨਾਂ ਦੀ ਬਿਮਾਰੀ ਨਾਲ ਗ੍ਰਸਤ ਦੇਖੇ ਗਏ ਸਨ ਕਿਉਂਕਿ ਖੇਤ ਵਿੱਚ ਲੱਗੇ ਹੋਏ ਪੌਦਿਆਂ ਦਾ ਜੜ੍ਹਤੰਤਰ ਸਿਹਤਮੰਦ ਪੌਦਿਆਂ ਦੇ ਮੁਕਾਬਲੇ ਬਹੁਤ ਘੱਟ ਵਿਕਸਿਤ ਹੋਇਆ ਹੈ ਇਸ ਤੋਂ ਇਲਾਵਾ ਪੌਦਿਆਂ ਦੇ ਪੱਤੇ ਸੂਈਨੁਮਾ ਆਕਾਰ ਵਿੱਚ ਤਿੱਖੇ ਹਨ ਅਤੇ ਇਸ ਦੇ ਤਣਿਆਂ ਉੱਤੇ ਵੀ ਐਸਕੇਪ ਰੂਟ (ਬਚਾਊ ਜੜ੍ਹ ਤੰਤਰ) ਵਿਕਸਿਤ ਹੋਈਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਤੋਂ ਇਸ ਵਾਇਰਸ ਦੇ ਹਮਲੇ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਕਮੇਟੀ ਵੱਲੋਂ ਇਹ ਵੀ ਨਿਰਣਾ ਲਿਆ ਗਿਆ ਕਿ ਪ੍ਰਭਾਵਿਤ ਪੌਦਿਆਂ ਦੇ ਨਮੂਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਜ ਦਿੱਤੇ ਗਏ ਹਨ ਤਾਂ ਜ਼ੋ ਕਿ ਇਸ ਰੋਗ ਦੇ ਹਮਲੇ ਦੀ ਪੁਸ਼ਟੀ ਹੋ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਅਤੇ ਹੋਰ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਰੋਜਾਨਾ ਆਪਣੇ-ਆਪਣੇ ਖੇਤ ਦਾ ਨਿਰੀਖਣ ਕਰਦੇ ਰਹਿਣ ਅਤੇ ਖਾਸ ਕਰਕੇ ਪਨੀਰੀ ਦਾ ਵੀ ਨਿਰੀਖਣ ਕਰਦੇ ਰਹਿਣ ਕਿਉਂਕਿ ਸਿਹਤਮੰਦ ਪਨੀਰੀ ਹੀ ਵਧੀਆ ਝਾੜ ਦੇ ਸਕਦੀ ਹੈ। ਇਸ ਕਰਕੇ ਜੇਕਰ ਤੁਹਾਨੂੰ ਚਿੱਟੀ ਪਿੱਠ ਵਾਲੇ ਟਿੱਡੇ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਵੱਟਾਂ ਬੰਨਿਆਂ ਅਤੇ ਪਾਣੀ ਵਾਲੇ ਖਾਲ੍ਹਾਂ ਨੂੰ ਨਦੀਨ ਮੁਕਤ ਰੱਖੋ। ਬਿਮਾਰੀ ਵਾਲੇ ਬੂਟੇ ਨੂੰ ਸ਼ੁਰੂ ਵਿੱਚ ਹੀ ਪੁੱਟ ਦੇ ਡੂੰਘਾ ਦੱਬ ਦਿਓ ਅਤੇ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਦੀ ਰੋਕਥਾਮ ਲਈ ਕੋਈ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ.ਸੀ. (ਟ੍ਰਾਈਫਲੂਮੀਜੋਪਾਇਰਮ) ਜਾਂ 80 ਗ੍ਰਾਮ ਓਸ਼ੀਨ /ਟੋਕਨ/ਡੋਮਿਨੇਟ 20 ਐਸ.ਸੀ. (ਡਾਇਨੋਟੇਫੂਰਾਨ) ਜਾਂ 120 ਗ੍ਰਾਮ ਚੈਂਸ ਜਾਂ 400 ਮਿ.ਲਿ. ਆਰਕੈਸਟਰਾ (ਬੈਂਜਪਾਇਰੀਮੋਕਸਾਨ) ਜਾਂ 300 ਮਿ.ਲਿ. ਇਮੇਜਨ 10 ਐਸ.ਸੀ. ਦੇ ਘੋਲ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ।
ਉਨ੍ਹਾਂ ਕਿਹਾ ਕਿ ਅੱਜ ਤੱਕ ਇਹ ਬਿਮਾਰੀ ਰੂਪਨਗਰ ਜ਼ਿਲ੍ਹੇ ਦੇ ਤਿੰਨ ਬਲਾਕਾਂ ਰੋਪੜ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਅਸਮਾਨਪੁਰ, ਰਾਜੇਮਾਜਰਾ, ਬੁਰਜਵਾਲਾ, ਖਰੋਟਾ, ਪਪਰਾਲੀ, ਕਕਰਾਰੀ ਧਨੋਰੀ, ਮਕੜੌਨਾ, ਰੋਲੂਮਾਜਰਾ, ਜੱਸੜਾਂ ਆਦਿ ਪਿੰਡਾਂ ਵਿੱਚ ਪਾਈ ਗਈ ਹੈ।
ਇਸ ਸਮੇਂ ਸਹਾਇਕ ਪੌਦ ਸੁਰੱਖਿਆ ਅਫਸਰ ਰੂਪਨਗਰ ਡਾ. ਗੁਰਕ੍ਰਿਪਾਲ ਸਿੰਘ, ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਡਾ. ਉਰਵੀ ਸ਼ਰਮਾ ਅਤੇ ਖੇਤੀਬਾੜੀ ਵਿਕਾਸ ਅਫਸਰ (ਪੌਦੇ ਸੁਰੱਖਿਆ) ਰੂਪਨਗਰ ਡਾ. ਦਵਿੰਦਰ ਸਿੰਘ ਆਦਿ ਸ਼ਾਮਲ ਸਨ।