ਜੂਨ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਐਸ.ਐਸ.ਪੀ. ਰੂਪਨਗਰ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ

ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਜੂਨ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਐਸ.ਐਸ.ਪੀ. ਰੂਪਨਗਰ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ
ਰੂਪਨਗਰ, 1 ਜੂਨ: ਜੂਨ ਘੱਲੂਘਾਰੇ ਹਫ਼ਤੇ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ ਐਸ.ਐਸ.ਪੀ. ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਦੀ ਅਗਵਾਈ ਵਿਚ ਸ਼ਹਿਰ ਵਿਚ ਬੇਲਾ ਚੌਂਕ ਤੋ ਮੈਨ ਬਜ਼ਾਰ ਰੋਪੜ ਵਿਚ ਫਲੈਗ ਮਾਰਚ ਕੱਢਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਘੱਲੂਘਾਰੇ ਹਫਤੇ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਯਕੀਨੀ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ ਅਤੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਨਾਕੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ।
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਹਫਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਖਾਸ ਤੌਰ ਉਤੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਉਤੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ-ਸਮਾਜੀ ਤੱਤਾਂ ਵਾਲੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਫਲੈਗ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਐਸ.ਐਸ.ਪੀ ਨੇ ਮੌਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹ ਕਿ ਜ਼ਿਲ੍ਹਾ ਰੂਪਨਗਰ ਵਿਚ ਹਰ ਪੱਧਰ ਉਤੇ ਇਲਾਕਾ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਜਿਸ ਲਈ ਆਪ ਸਭ ਵਲੋਂ ਆਪਣੀ ਡਿਊਟੀ ਨਿਰਪੱਖਤਾ ਅਤੇ ਨਿਡਰਤਾ ਨਾਲ਼ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਆਪ ਸਭ ਸਮਾਜ ਵਿਚ ਸਿੱਧੇ ਤੌਰ ਉਤੇ ਵਿਚਰਦੇ ਹੋ ਜਿਸ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਆਪ ਤੱਕ ਪਹੁੰਚਦੀ ਹੈ ਜਿਸ ਉਪਰੰਤ ਲੋਕਾਂ ਦੇ ਆਮ ਮਸਲਿਆਂ ਤੋਂ ਲੈ ਕੇ ਗੰਭੀਰ ਮਾਮਲੇ ਹੱਲ ਕਰਨਾ ਤੁਹਾਡੀ ਡਿਊਟੀ ਹੈ। ਜ਼ਿਲ੍ਹਾ ਵਾਸੀਆਂ ਦੇ ਪੂਰਣ ਸਹਿਯੋਗ ਦੀ ਮੰਗ ਕਰਦਿਆਂ ਜ਼ਿਲ੍ਹੇ ਦੀ ਸ਼ਾਂਤੀ-ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਅਜਿਹੀ ਕਿਸੇ ਵੀ ਅਫ਼ਵਾਹ ’ਤੇ ਯਕੀਨ ਨਾ ਕਰਨ ਲਈ ਆਖਿਆ ਹੈ।
ਇਸ ਮੌਕੇ ਐਸ.ਪੀ ਸ਼੍ਰੀ ਤਰੁਣ ਰਤਨ, ਡੀ.ਐਸ.ਪੀ ਸ. ਤਰਲੋਚਨ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।