ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 8 ਅਕਤੂਬਰ ਨੂੰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 8 ਅਕਤੂਬਰ ਨੂੰ
ਰੂਪਨਗਰ, 06 ਅਕਤੂਬਰ: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਹਫਤਾਵਾਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸ੍ਰੀ ਵਰਜੀਤ ਵਾਲੀਆ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਰੂਪਨਗਰ ਦੀ ਰਹਿਨੁਮਾਈ ਅਤੇ ਸ੍ਰੀਮਤੀ ਚੰਦਰਜਯੋਤੀ ਸਿੰਘ, ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਰੂਪਨਗਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ।
ਇਸ ਲੜੀ ਅਧੀਨ, ਮਿਤੀ 8 ਅਕਤੂਬਰ 2025 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਚ.ਡੀ.ਐਫ.ਸੀ. ਬੈਂਕ ਵੱਲੋਂ ਸੇਲਜ਼ ਐਗਜ਼ੀਕਿਊਟਿਵ ਦੀਆਂ 10 ਅਸਾਮੀਆਂ ਲਈ 20 ਤੋਂ 28 ਸਾਲ ਤੱਕ ਦੇ ਗ੍ਰੈਜੂਏਟ ਪਾਸ ਉਮੀਦਵਾਰਾਂ ਦੇ ਇੰਟਰਵਿਊ ਕੀਤੇ ਜਾਣਗੇ।
ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਨਿਯੁਕਤੀ ਰੋਪੜ, ਮੋਰਿੰਡਾ, ਕੁਰਾਲੀ, ਚਮਕੌਰ ਸਾਹਿਬ, ਮਾਜਰੀ, ਆਨੰਦਪੁਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ, ਨਵਾਂ ਸ਼ਹਿਰ ਅਤੇ ਨੰਗਲ (ਪੰਜਾਬ) ਵਿਚ ਹੋਵੇਗੀ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 11,500 ਰੁਪਏ ਤੋਂ 20,000 ਰੁਪਏ ਤੱਕ ਤਨਖਾਹ ਅਤੇ ਪ੍ਰੋਤਸਾਹਨ ਰਾਸ਼ੀ 1,000 ਤੋਂ 1,05,000 ਰੁਪਏ ਤੱਕ ਦਿੱਤੀ ਜਾਵੇਗੀ।
ਇਹ ਕੈਂਪ ਕੇਵਲ ਪੁਰਸ਼ ਉਮੀਦਵਾਰਾਂ ਲਈ ਹੈ ਅਤੇ ਇਸ ਵਿੱਚ ਤਜ਼ਰਬੇਕਾਰ ਤੇ ਫ੍ਰੈਸ਼ਰ ਦੋਵੇਂ ਭਾਗ ਲੈ ਸਕਦੇ ਹਨ। ਇੰਟਰਵਿਊ ਵਿੱਚ ਹਿੱਸਾ ਲੈਣ ਦੇ ਇੱਛੁਕ ਉਮੀਦਵਾਰਾਂ ਨੂੰ ਮਿਤੀ 8 ਅਕਤੂਬਰ 2025 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ ਰੂਪਨਗਰ ਵਿਖੇ ਪਹੁੰਚਣ ਲਈ ਕਿਹਾ ਗਿਆ ਹੈ।
ਵਧੇਰੇ ਜਾਣਕਾਰੀ ਲਈ ਟੈਲੀਫ਼ੋਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।