ਜਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ
*2965 ਕੇਸਾਂ ਦਾ ਨਿਪਟਾਰਾ ਕੀਤਾ ਤੇ 17 ਕਰੋੜ 87 ਲੱਖ ਦੇ ਕਰੀਬ ਰੁਪਏ ਦੇ ਐਵਾਰਡ ਪਾਸ ਕੀਤੇ
ਰੂਪਨਗਰ, 9 ਸਤੰਬਰ: ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2023 ਦੀ ਤੀਜੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਵਿਖੇ ਅਤੇ ਸਬ-ਡਵੀਜ਼ਨਾਂ- ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਲਗਾਈ ਗਈ।
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਵਿਚ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 5327 ਕੇਸ ਲਏ ਗਏ ਜਿਨ੍ਹਾਂ ਵਿਚ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, 138 ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, LAC ਕੇਸ, ਮਾਲ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਸ਼ਾਮਿਲ ਸਨ।
ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਾਏ ਗਏ। ਰੈਵੇਨਿਊ ਅਤੇ ਕੰਜ਼ਿਊਮਰ ਫੋਰਮ ਵਿਖੇ ਵੀ ਬੈਂਚ ਲਗਾਏ ਗਏ। ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ 5327 ਕੇਸਾਂ ਵਿੱਚੋਂ 2965 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 17 ਕਰੋੜ 87 ਲੱਖ ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਵੱਲੋਂ ਅੱਗੇ ਦੱਸਿਆ ਗਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈ। ਇਸ ਵਿਚ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ।
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਰੂਪਨਗਰ ਅਸ਼ੀਸ਼ ਠੱਠਈ ਨੇ 7 ਸਾਲ ਤੋਂ ਵੱਧ ਪੁਰਾਣੇ ‘ਭੁਪਿੰਦਰ ਸਿੰਘ ਬਨਾਮ ਹਰਦਿਆਲ ਸਿੰਘ’ ਅਤੇ ‘ਜਸਪਾਲ ਕੌਰ ਬਨਾਮ ਹਰਦਿਆਲ ਸਿੰਘ’ ਦੇ 2 ਸਿਵਲ ਮੁਕੱਦਮਿਆਂ ਦਾ ਨਿਪਟਾਰਾ ਕੀਤਾ। ਉਨ੍ਹਾਂ ਦਾ ਸਮਝੌਤਾ ਕਰਕੇ ਵਿਵਾਦ ਸੁਲਝਾ ਲਿਆ ਗਿਆ। ਇਸੇ ਤਰ੍ਹਾਂ ਬਰਿੰਦਰ ਸਿੰਘ ਰੋਮਾਣਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਨੇ ਬੱਚੇ ਦੀ ਸਰਪ੍ਰਸਤੀ ਨਾਲ ਸਬੰਧਤ ‘ਅਸਗਰ ਅਲੀ ਬਨਾਮ ਜਨਰਲ ਪਬਲਿਕ’ ਦੇ ਕੇਸ ਦਾ ਨਿਪਟਾਰਾ ਕੀਤਾ। ਮਾਮਲਾ ਸਾਲ 2017 ਨਾਲ ਸਬੰਧਤ ਹੈ। ਧਿਰਾਂ ਦੇ ਸਮਝੌਤੇ ਅਨੁਸਾਰ ਪਿਤਾ ਨੂੰ ਮਿਲਣ ਦਾ ਅਧਿਕਾਰ ਦੇਣ ਦਾ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ।
ਇਸੇ ਤਰ੍ਹਾਂ 5 ਸਾਲ ਪੁਰਾਣਾ ਕੇਸ ‘ਲਕਸ਼ਮੀ ਦੇਵੀ ਬਨਾਮ ਕਮਲ ਕੁਮਾਰ’ ਵਿੱਚ ਦੋਹਾਂ ਧਿਰਾਂ ਵਿਚਕਾਰ ਵਿਆਹ ਦੇ ਵਿਵਾਦ ਨੂੰ ਸੁਲਝਾਇਆ ਗਿਆ ਅਤੇ ਅੱਗੇ ਇਹ ਹੱਲ ਕੀਤਾ ਗਿਆ ਕਿ ਬੱਚਿਆਂ ਦੇ ਅਕਾਦਮਿਕ ਸੈਸ਼ਨਾਂ ਤੋਂ ਬਾਅਦ, ਲਕਸ਼ਮੀ ਦੇਵੀ ਬੱਚਿਆਂ ਸਮੇਤ ਆਪਣੇ ਸਹੁਰੇ ਘਰ ਵਾਪਸ ਆ ਕੇ ਰਹਿਣਗੇ।
ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਰੂਪਨਗਰ ਵੱਲੋਂ ਜ਼ਿਲ੍ਹਾ ਕਚਹਿਰੀ ਕੰਪਲੈਕਸ, ਰੂਪਨਗਰ ਵਿਖੇ ਲਿਟੀਗੈਂਟਾਂ ਲਈ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਵੀ ਧੰਨਵਾਦ ਕੀਤਾ ਗਿਆ।