ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਆਯੋਜਿਤ, ਸਾਬਕਾ ਸੈਨਿਕਾਂ ਦੀ ਭਲਾਈ ਸਬੰਧੀ ਅਹੰਮ ਫੈਸਲੇ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਆਯੋਜਿਤ, ਸਾਬਕਾ ਸੈਨਿਕਾਂ ਦੀ ਭਲਾਈ ਸਬੰਧੀ ਅਹੰਮ ਫੈਸਲੇ
ਰੂਪਨਗਰ, 19 ਨਵੰਬਰ: ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਸਹਾਇਕ ਕਮਿਸ਼ਨਰ ਰੂਪਨਗਰ ਸ. ਅਰਵਿੰਦਰਪਾਲ ਸਿੰਘ ਸੋਮਲ ਅਤੇ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਦੀ ਅਗਵਾਈ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਕਮੇਟੀ ਰੂਮ ਵਿੱਚ ਆਯੋਜਿਤ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰੂਪਨਗਰ ਲੈਫ਼ਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ.), ਵੱਲੋਂ ਸਾਰੇ ਹਾਜ਼ਰ ਮੈਂਬਰ ਸਾਹਿਬਾਨਾਂ ਨੂੰ ਜੀ ਆਇਆ ਆਖਦੇ ਹੋਏ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨਾਲ ਵਿਚਾਰ-ਵਟਾਂਦਰਾ ਕਰਕੇ ਜ਼ਿਲ੍ਹਾ ਰੂਪਨਗਰ ਦੇ ਦੋ ਸ਼ਹੀਦਾਂ ਦੇ ਵਾਰਸਾਂ ਨੂੰ ਬਿਨਾਂ ਕਿਸੇ ਦੇਰੀ ਦੇ ਨੌਕਰੀਆਂ ਪ੍ਰਦਾਨ ਕਰਨ ਲਈ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਔਕੜਾਂ ਦੇ ਹੱਲ ਲਈ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੰਦਰਭ ਵਿੱਚ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨਾਲ ਸਹਿਯੋਗ ਕਰਦੇ ਹੋਏ ਫੌਜ ਵਿੱਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਅਤੇ ਦਰਖ਼ਾਸਤਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ ਨੂਰਪੁਰ ਬੇਦੀ ਵਿਖੇ ਸੀ.ਐੱਸ.ਡੀ. ਕੰਟੀਨ ਖੋਲ੍ਹਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਗਈ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਇਕੱਤਰ ਕੀਤੀ ਗਈ ਰਾਸ਼ੀ ਨੂੰ ਬਿਨਾਂ ਕਿਸੇ ਦੇਰੀ ਦੇ ਇਸ ਦਫ਼ਤਰ ਵਿਖੇ ਜਮ੍ਹਾਂ ਕਰਵਾਇਆ ਜਾਵੇ।
ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਮੀਟਿੰਗ ਦੌਰਾਨ ਦਫ਼ਤਰੀ ਕਾਰਗੁਜ਼ਾਰੀਆਂ ਸਬੰਧੀ ਮੈਂਬਰ ਸਾਹਿਬਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਮੀਟਿੰਗ ਦੇ ਅੰਤ ਵਿੱਚ ਮਾਣਯੋਗ ਸਹਾਇਕ ਕਮਿਸ਼ਨਰ (ਜਨਰਲ), ਰੂਪਨਗਰ ਜੀ ਅਤੇ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਲੋੜਵੰਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਪ੍ਰਦਾਨ ਕਰਕੇ ਮੀਟਿੰਗ ਦੀ ਸਮਾਪਤੀ ਕੀਤੀ ਗਈ।
ਇਸ ਮੌਕੇ ਲੈਫ਼ਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ.), ਵਾਈਸ ਪ੍ਰੈਜ਼ੀਡੈਂਟ ਸਕਵਾਡਰਨ ਲੀਡਰ ਹਾਕਮ ਸਿੰਘ ਰਾਹੀਂ, ਕਰਨਲ ਜੇ.ਐੱਸ. ਸੰਧੂ (ਰਿਟਾ.), ਅਫ਼ਸਰ ਇੰਚਾਰਜ ਈ.ਸੀ.ਐੱਚ.ਐੱਸ., ਸ੍ਰੀਮਤੀ ਰਮਨਦੀਪ ਕੌਰ, ਸੁਪਰਡੰਟ ਅਤੇ ਦਫ਼ਤਰ ਦਾ ਸਮੂਹ ਸਟਾਫ਼ ਮੌਜੂਦ ਸੀ।