• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਜ਼ਿਲ੍ਹਾ ਵਾਸੀ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 03/09/2025
District residents should cooperate with the administration and follow the instructions issued - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਵਾਸੀ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ – ਡਿਪਟੀ ਕਮਿਸ਼ਨਰ

ਜਿੱਥੇ ਜਿੱਥੇ ਵੀ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਲਗਾਤਾਰ ਰੱਖੀ ਜਾ ਰਹੀ ਹੈ ਚੌਕਸ ਤੇ ਨਿਗਾ – ਐੱਸਐੱਸਅਪੀ

ਡਿਪਟੀ ਕਮਿਸ਼ਨਰ ਤੇ ਐੱਸਐੱਸਅਪੀ ਨੇ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ‘ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਕੀਤੀ ਅਗਵਾਈ

ਰੂਪਨਗਰ, 03 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਅਤੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਜ ਸਤਲੁੱਜ ਦਰਿਆ ਵਿੱਚ ਪਾਣੀ ਦੇ ਵੱਧਦੇ ਪੱਧਰ ਕਾਰਨ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਵਰਖਾ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਵਹਾਅ 65,000 ਕਿਊਸਿਕ ਤੋਂ ਵਧਾ ਕੇ 75,000 ਕਿਊਸਿਕ ਕੀਤਾ ਗਿਆ ਹੈ। ਇਸ ਕਾਰਨ ਨੰਗਲ ਇਲਾਕੇ ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ ਅਤੇ ਲੋਧੀਪੁਰ ਆਦਿ ਪਿੰਡ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਵਿੱਚ ਐਨਡੀਆਰਐਫ ਦੀਆਂ ਟੀਮਾਂ ਦੇ ਸਹਿਯੋਗ ਨਾਲ ਰਾਹਤ ਕਾਰਜ ਕੀਤੇ ਗਏ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਗਲ ਇਲਾਕੇ ਦੇ ਲੋਕਾਂ ਦੇ ਲਈ ਭਨਾਮ, ਭਲਾਣ, ਪਲਾਸੀ, ਸਿੰਘਪੁਰ ਤੇ ਨਾਨਗਰਾ ਵਿਖੇ ਰਾਹਤ ਕੈਪ ਬਣਾਏ ਗਏ ਹਨ ਅਤੇ ਇਸ ਤੋਂ ਇਲਾਵਾ ਹਰ ਪ੍ਰਭਾਵਿਤ ਇਲਾਕੇ ਵਿੱਚ ਸੁਰੱਖਿਆ ਕੈਂਪ ਬਣਾਏ ਗਏ ਹਨ। ਉਨ੍ਹਾਂ ਦੱਸਿਆ ਇਨ੍ਹਾਂ ਸਾਰੇ ਰਾਹਤ ਕੈਂਪਾਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋੜਵੰਦ ਇਨ੍ਹਾਂ ਦਾ ਲਾਭ ਲੈ ਸਕਣ ਤੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਸ਼੍ਰੀ ਵਰਜੀਤ ਵਾਲੀਆ ਨੇ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਆਪਣੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੇ ਕਿਸੇ ਵੀ ਐਮਰਜੈਂਸੀ ਦੌਰਾਨ 01881-221157 ਅਤੇ 112 ਨੰਬਰਾਂ ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰਨ।

ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਹਨ। ਉਨ੍ਹਾਂ ਦੱਸਿਆ ਕਿ ਫ਼ੌਜ ਦੀਆਂ ਕੁਝ ਟੀਮਾਂ ਸ੍ਰੀ ਚਮਕੌਰ ਸਾਹਿਬ ਸਬ ਡਵੀਜ਼ਨ ਦੇ ਪਿੰਡ ਦਾਉਦਪੁਰ ਅਤੇ ਫੱਸੇ ਵਿੱਚ ਬੰਨ ਦੀ ਰਿਪੇਅਰ ਦਾ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਐੱਫ ਦੀ ਟੀਮ ਹੈ ਜਿਨ੍ਹਾਂ ਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨ ਕੀਤੇ ਹਨ। ਉਹ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਲਈ ਪੁੱਜ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਜਿੱਥੇ ਜਿੱਥੇ ਵੀ ਨੀਵੀਆਂ ਥਾਵਾਂ ‘ਤੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਉਥੇ ਜ਼ਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਵਲੋਂ ਲਗਾਤਾਰ ਚੌਕਸ ਤੇ ਨਿਗਾ ਰੱਖੀ ਜਾ ਰਹੀ ਤਾਂ ਜੋ ਅਪਾਤ ਦੀ ਸਥਿਤੀ ਪੈਦਾ ਹੋਣ ਤੇ ਫੋਰੀ ਇੰਤਜਾਮ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਅਫ਼ਵਾਹਾ ਤੇ ਬਿਲਕੁਲ ਵੀ ਭਰੋਸਾ ਨਾ ਕੀਤਾ ਜਾਵੇ।