ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ 26 ਦਸੰਬਰ ਨੂੰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ 26 ਦਸੰਬਰ ਨੂੰ
ਐਸ.ਐਮ.ਐੱਲ ਕੰਪਨੀ ਆਸਰੋਂ ਵੱਲੋਂ ਅਪ੍ਰੈਟਿਸ ਦੀਆਂ 100 ਅਸਾਮੀਆਂ ਦੀ ਭਰਤੀ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ
ਰੂਪਨਗਰ, 24 ਦਸੰਬਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅਗਲਾ ਪਲੇਸਮੈਂਟ ਕੈਂਪ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਦਫਤਰ ਵਿਖੇ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਸ.ਐਮ.ਐੱਲ ਕੰਪਨੀ ਆਸਰੋਂ ਵੱਲੋਂ ਅਪ੍ਰੈਟਿਸ ਦੀਆਂ 100 ਅਸਾਮੀਆਂ ਦੀ ਭਰਤੀ ਲਈ ਦਸਵੀਂ, ਬਾਰਵੀਂ, ਆਈ.ਟੀ.ਆਈ ਅਤੇ ਡਿਪਲੋਮਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਦਸਵੀਂ ਪਾਸ ਨੂੰ 12,500/-, ਬਾਰਵੀਂ ਪਾਸ ਨੂੰ 12,500/- ਆਈ.ਟੀ.ਆਈ ਪਾਸ ਨੂੰ 13,500/- ਅਤੇ ਡਿਪਲੋਮਾ ਪਾਸ ਨੂੰ 20,400/- ਤਨਖਾਹ ਮਿਲੇਗੀ। ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਡਿਊਟੀ 8 ਘੰਟੇ ਦੀ ਹੋਵੇਗੀ, ਇਸ ਤੋਂ ਇਲਾਵਾ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਵੱਖਰੇ ਤੌਰ ‘ਤੇ ਦੁੱਗਣਾ ਓਵਰਟਾਈਮ ਮਿਲੇਗਾ। ਕੰਪਨੀ ਵੱਲੋਂ ਡਿਊਟੀ ਦੌਰਾਨ 8 ਘੰਟਿਆਂ ਵਿੱਚ ਦੋ ਵਾਰ ਚਾਹ ਅਤੇ ਇੱਕ ਵਾਰ ਖਾਣਾ ਮਿਲੇਗਾ। ਐਤਵਾਰ ਅਤੇ ਸਰਕਾਰੀ ਛੁੱਟੀਆਂ ਵੀ ਮਿਲਣਗੀਆਂ। ਇੱਕ ਸਾਲ ਵਿੱਚ 7 ਐਸਐਲ, 7 ਸੀਐਲ ਮਿਲਣਗੇ। ਵਰਦੀ ਅਤੇ ਸਕਿਓਰਿਟੀ ਬੂਟ ਵੀ ਕੰਪਨੀ ਵੱਲੋਂ ਪ੍ਰਦਾਨ ਕੀਤੇ ਜਾਣਗੇ। ਕੰਮ ਕਰਨ ਦਾ ਸਥਾਨ ਐਸ.ਐਮ.ਐੱਲ, ਪਿੰਡ ਤੇ ਡਾਕ: ਆਸਰੋਂ, ਰੂਪਨਗਰ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਇੰਟਰਵਿਊ ਲਈ ਗਰਾਊਂਡ ਫਲੋਰ, ਡੀਸੀ ਕੰਪਲੈਕਸ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ 01881-222104 ਤੇ ਸੰਪਰਕ ਕੀਤਾ ਜਾ ਸਕਦਾ ਹੈ।