ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ
ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ
12 ਜਨਵਰੀ, ਰੂਪਨਗਰ: ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਰੂਪਨਗਰ ਵੱਲੋਂ ਧੀਆਂ ਦੀ ਲੋਹੜੀ ਦਾ ਭਰਪੂਰ ਤੇ ਉਤਸ਼ਾਹਪੂਰਕ ਸਮਾਗਮ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਤਾਨੀਆ ਬੈਂਸ, ਪ੍ਰੋ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਸਮਾਗਮ ਦੌਰਾਨ 12 ਨਵਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਦੋ ਲੜਕੀਆਂ ਨੂੰ ਵਿਆਹ ਸਮੇਂ ਮਦਦ ਵਜੋਂ ਸਿਲਾਈ ਮਸ਼ੀਨਾਂ, ਬਰਤਨਾਂ ਦੇ ਸੈਟ, ਕੰਬਲ, ਸੂਟ ਆਦਿ ਸਮਾਨ ਪ੍ਰਦਾਨ ਕੀਤਾ ਗਿਆ। ਇੱਕ ਵਿਦਿਆਂਗ ਵਿਅਕਤੀ ਨੂੰ ਵੀਲ ਚੇਅਰ ਵੀ ਮੁਹੱਈਆ ਕਰਵਾਈ ਗਈ।
ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਸਕਿੱਲ ਸੈਂਟਰਾਂ ਦੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਸ੍ਰੀਮਤੀ ਤਾਨੀਆ ਬੈਂਸ ਨੇ ਲੋਹੜੀ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਭ ਨੂੰ ਲੜਕੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਪੂਰੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਚੰਗਾ ਸਮਾਜ ਸਿਰਜਣ ਲਈ ਅੱਗੇ ਵਧਣ ਦੇ ਮੌਕੇ ਮਿਲਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਧੀਆਂ ਦੀ ਲੋਹੜੀ ਮਨਾਉਣ ਲਈ ਰੈਡ ਕਰਾਸ ਦੇ ਇਸ ਉਪਰਾਲੇ ਦੀ ਭਰਪੂਰ ਸਲਾਹਨਾ ਕੀਤੀ।
ਸ੍ਰੀ ਗੁਰਸੋਹਣ ਸਿੰਘ, ਸਕੱਤਰ ਰੈਡ ਕਰਾਸ, ਵੱਲੋਂ ਲੋਹੜੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਮਾਗਮ ਵਿੱਚ ਰੈਡ ਕਰਾਸ ਮੈਂਬਰ ਸ੍ਰੀਮਤੀ ਹਰਿੰਦਰ ਸੈਣੀ, ਸ੍ਰੀਮਤੀ ਕਿਰਨਪ੍ਰੀਤ ਗਿੱਲ, ਸ੍ਰੀ ਕੁਲਤਾਰ ਸਿੰਘ, ਸ੍ਰੀਮਤੀ ਸਕੀਨਾ ਐਰੀ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਆਦਰਸ਼ ਸ਼ਰਮਾ, ਸ੍ਰੀਮਤੀ ਸੁਪਿੰਦਰ ਕੌਰ ਅਤੇ ਸ੍ਰੀਮਤੀ ਜਸਵੀਰ ਬੇਗਮ ਸਮੇਤ ਹੋਰ ਸਦੱਸ ਵੀ ਹਾਜ਼ਰ ਸਨ।