ਬੰਦ ਕਰੋ

ਜ਼ਿਲ੍ਹਾ ਰੂਪਨਗਰ ਵਿਖੇ ਕੌਮਾਂਤਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ

ਪ੍ਰਕਾਸ਼ਨ ਦੀ ਮਿਤੀ : 27/06/2022
Awareness programs at Distt Rupnagar on the occasion of International Day Against Drug Abuse and Illicit Trafficking

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਕੌਮਾਂਤਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ

ਨਸ਼ਾ ਪੀੜ੍ਹਤਾਂ ਨੂੰ ਸਿਹਤਮੰਦ ਜੀਵਨ ਦਾ ਸੁਨਿਹਰੀ ਮੌਕਾ ਦੇਣ ਤੇ ਨਸ਼ਿਆਂ ਦੇ ਖਾਤਮੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ: ਡਿਪਟੀ ਕਮਿਸ਼ਨਰ

· ਡਿਪਟੀ ਕਮਿਸ਼ਨਰ ਵਲੋਂ ਗਾਇਕ ਦੁਰਗਾ ਰੰਗੀਲਾ ਵਲੋਂ ਨਸ਼ਿਆਂ ਤੋਂ ਬੱਚਣ ਲਈ ਗਾਇਆ ਗੀਤ ਰਿਲੀਜ਼

· ਨਰਸਿੰਗ ਵਿਦਿਆਰਥਣਾਂ ਦੇ ਲੇਖ ਲਿਖਣ, ਚਾਰਟ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ

ਰੂਪਨਗਰ, 27 ਜੂਨ: “ ਕੌਮਾਂਤਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ” ਮੌਕੇ ਸੰਬੋਧਨ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਸੰਘ ਅਨੁਸਾਰ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਲਾਜ ਦੇ ਨਾਲ-ਨਾਲ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਸਮੇਤ ਹੋਰ ਉਮਰ ਦੇ ਵਰਗਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਕੱਢਣ ਲਈ ਅਤੇ ਨਸ਼ਾ ਪੀੜ੍ਹਤਾਂ ਨੂੰ ਸਿਹਤਮੰਦ ਜੀਵਨ ਦਾ ਸੁਨਿਹਰੀ ਮੌਕਾ ਦੇਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ।

ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ “ ਕੌਮਾਂਤਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਦਿਵਸ” ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਨਰਸਿੰਗ ਇੰਸਟੀਚਿਊਟ ਵਿਖੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਉਤੇ ਡਿਪਟੀ ਕਮਿਸ਼ਨਰ ਵਲੋਂ ਵਿਸ਼ਵ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਗੀਤ “ਪੁੱਤਰਾਂ ਦੇ ਨਾਲ ਜੱਗ ‘ਤੇ ਹੈ ਸਰਦਾਰੀ ਬਾਪੂ ਦੀ” ਰਿਲੀਜ਼ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਸਭ ਦਾ ਇੱਕ ਫ਼ਰਜ ਬਣਦਾ ਹੈ ਕਿ ਸਮਾਂ ਰਹਿੰਦੇ ਅਸੀਂ ਆਪਣੇ ਸਮਾਜ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰੀਏ ਤਾਂ ਜੋ ਇੱਕ ਸਵੱਸਥ ਤੇ ਵਿਕਾਸਸ਼ੀਲ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਸ਼ੇ ਸਾਡੇ ਵਿਸ਼ਵ ਦੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਜਿਸ ਦੀ ਲਪੇਟ ਵਿੱਚ ਬੱਚੇ, ਬਜੁਰਗ, ਔਰਤਾਂ ਅਤੇ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥ ਜਿਵੇਂ ਕਿ ਚਿੱਟਾ, ਸਮੈਕ, ਹੈਰੋਈਨ, ਸ਼ਰਾਬ, ਅਫੀਮ, ਪੋਸਤ ਤੇ ਭੁੱਕੀ ਆਦਿ ਵਰਗੀਆਂ ਚੀਜਾਂ ਦਾ ਸੇਵਨ ਕਰ ਰਹੇ ਹਨ ਜਿਸ ਦੇ ਚਲਦਿਆਂ ਇਹ ਨਸ਼ਾ ਪੀੜ੍ਹਤ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਨਸ਼ੇ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਅਪਰਾਧਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ।

ਡਾ. ਪਰਮਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨੇ ਕਿਹਾ ਕਿ ਆਉਣ ਵਾਲੀ ਪੀੜੀ ਦੇ ਨੌਜਵਾਨਾਂ ਅਤੇ ਬੱਚਿਆਂ ਦੀਆਂ ਜਰੂਰਤਾ ਨੂੰ ਪਹਿਲ ਦੇ ਅਧਾਰ ਤੇ ਸੁਣਨਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਉਹਨਾਂ ਨੂੰ ਨਸ਼ਿਆਂ ਦੀ ਵਰਤੋ ਅਤੇ ਗੈਰਕਾਨੂੰਨੀ ਤਰੀਕੇ ਨਾਲ ਕੀਤੇ ਜਾ ਰਹੇ ਵਪਾਰ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਇਸ ਬੁਰੀ ਚੀਜ਼ ਨੂੰ ਮੂੰਹ ਨਾ ਲਗਾਉਣ। ਉਹਨਾਂ ਦੱਸਿਆ ਕਿ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਹਿੱਤ ਸਿਹਤ ਵਿਭਾਗ ਰੂਪਨਗਰ ਵੱਲੋਂ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਭਾਸ਼ਣ , ਜਾਗਰੂਕਤਾ ਰੈਲੀਆਂ ਅਤੇ ਡੈਪੋ ਨਾਲ ਤਾਲਮੇਲ ਕਰਕੇ ਨਿਰੰਤਰ ਰੂਪ ਵਿੱਚ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 11 ਓਟ (ਓ.ਓ.ਏ.ਟੀ.) ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਜਿਲ੍ਹਾ ਹਸਪਤਾਲ ਵਿਖੇ 10 ਬੈੱਡਾਂ ਵਾਲਾ ਨਸ਼ਾ ਮੁਕਤੀ ਕੇਂਦਰ ਚੱਲ ਰਿਹਾ ਹੈ, ਜਿੱਥੇ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲੱਬਧ ਹਨ। ਇਸ ਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਮੁਫਤ ਕਾਊਂਸਲਿੰਗ ਕੇਂਦਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਨਸ਼ਾ ਛੱਡਣ ਲਈ ਮੁਫਤ ਕਾਊਂਸਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੈਪੋ ਪ੍ਰੋਗਰਾਮ ਤਹਿਤ ਵੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਜਿਲ੍ਹਾ ਰੋਜਗਾਰ ਬਿਊੁਰੋ ਤੋਂ ਆਏ ਮੈਡਮ ਸੁਪ੍ਰੀਤ ਕੋਰ ਨੇ ਪ੍ਰਧਾਨ ਮੰਤਰੀ ਰੋਜਗਾਰ ਸਿਰਜਣ ਯੋਜਨਾ ਅਧੀਨ ਸਵੈ ਰੋਜਗਾਰ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਰਜਿਸਟ੍ਰੇਸ਼ਨ ਤੋਂ ਇਲਾਵਾ ਮੁਫਤ ਕਰੀਅਰ ਕਾਊਂਸਲਿੰਗ ਦੇ ਸ਼ੈਸ਼ਨਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਇੰਡਸਟਰੀ ਵਿਭਾਗ ਤੋਂ ਆਏ ਓਂਕਾਰ ਸਿੰਘ ਨੇ ਕਾਰੋਬਾਰ ਦੀ ਸ਼ੁਰੂਆਤ ਲਈ ਲੋਨ ਅਤੇ ਸਬਸਿਡੀ ਦੀ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਓਟ ਕਲੀਨਿਕ ਵਿਖੇ ਇਲਾਜ ਕਰਾ ਰਹੇ ਜਾਂ ਇਲਾਜ ਪੂਰਾ ਕਰ ਚੁੱਕੇ ਵਿਅਕਤੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਤਾਂ ਜ਼ੋ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਮਨੋਰੋਗਾਂ ਦੇ ਮਾਹਿਰ ਡਾ. ਨਿਤਿਨ ਸੇਠੀ ਅਤੇ ਪ੍ਰਿੰਸੀਪਲ ਮੈਡਮ ਦਿਲਦੀਪ ਕੋਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਇਸ ਮੋਕੇ ਨਰਸਿੰਗ ਵਿਦਿਆਰਥਣਾਂ ਦੇ ਲੇਖ ਲਿਖਣ, ਚਾਰਟ ਮੇਕਿੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਨਵਨੀਤ ਕੋਰ, ਦੂਜਾ ਸਥਾਨ ਤਰਨਦੀਪ ਕੋਰ, ਤੀਜਾ ਸਥਾਨ ਰਮਿੰਦਰ ਕੋਰ, ਅਤੇ ਚੋਥਾ ਸਥਾਨ ਤਾਨੀਆ ਨੇ ਹਾਸਲ ਕੀਤਾ ਅਤੇ ਪੇਂਟਿੰਗ ਅਤੇ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਜਗਪੂਰਨੀ ,ਦੂਜਾ ਸਥਾਨ ਜਗਦੀਪ ਕੋਰ, ਤੀਜਾ ਸਥਾਨ ਕਰਿਤਕਾ ਅਤੇ ਚੋਥਾ ਸਥਾਨ ਅਵਿੰਦਰ ਕੋਰ ਨੇ ਹਾਸਲ ਕੀਤਾ। ਜਿਸ ਵਿੱਚ ਜੇਤੂ ਵਿਦਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ.ਪੀ.ਸਿੰਘ, ਐਸ.ਐਮ.ਓ.ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਅਕਾਂਊਟੈਂਟ ਚਰਨਪਾਲ ਸਿੰਘ, ਮਨਜੀਤ ਸਿੰਘ ਕੰਪਿਊਟਰ ਅਪ੍ਰੇਟਰ, ਜਸੀਜਤ ਕੌਰ ਕਾਊਂਸਲਰ, ਓਟ ਕਲੀਨਿਕ ਸਟਾਫ, ਡਰੱਗ ਡੀਅਡੀਕਸ਼ਨ ਸੈਂਟਰ ਸਟਾਫ ਅਤੇ ਨਰਸਿੰਗ ਇੰਸਟੀਚਿਊਟ ਸਟਾਫ ਮੈਂਬਰ ਹਾਜਰ ਸਨ।