ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ 29 ਅਤੇ 30 ਨਵੰਬਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ 29 ਅਤੇ 30 ਨਵੰਬਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ
ਰੂਪਨਗਰ, 23 ਨਵੰਬਰ: ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ ਸਰਕਾਰੀ ਕਾਲਜ ਰੋਪੜ ਵਿਖੇ 29 ਅਤੇ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੂਪਨਗਰ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿੱਚ 19 ਤੋਂ 35 ਸਾਲ ਉਮਰ ਵਰਗ ਦਾ ਕੋਈ ਵੀ ਜ਼ਿਲ੍ਹਾ ਰੂਪਨਗਰ ਦਾ ਵਾਸੀ ਭਾਗੀਦਾਰ ਭਾਗ ਲੈ ਸਕਦਾ ਹੈ। ਇਸ ਦੇ ਲਈ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਮੌਕੇ ਉੱਤੇ ਹੀ ਕੀਤੀ ਜਾਵੇਗੀ।
ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਲੋਕ ਸਾਜ਼ ਮੁਕਾਬਲਾ, ਵਾਰ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਵੀਸ਼ਰੀ, ਮੋਨੋਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ, ਫੁਲਕਾਰੀ, ਨਾਲੇ ਬੁਣਨਾ, ਪੀੜੀ ਬੁਣਨਾਂ, ਛਿੱਕੂ ਬਣਾਉਣਾ, ਪੱਖੀ ਬੁਣਨਾ ਅਤੇ ਬੇਕਾਰ ਵਸਤੂਆਂ ਦਾ ਸਦਉਪਯੋਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਅੱਗੇ ਰਾਜ ਪੱਧਰ ਤੇ ਹੋਣ ਵਾਲੇ ਯੂਥ ਫੈਸਟੀਵਲ ਲਈ ਚੰਡੀਗੜ੍ਹ ਵਿਖੇ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਯੂਥ ਹੋਸਟਲ, ਰੂਪਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਵੱਲੋਂ ਦੋ ਰੋਜਾ ਯੁਵਕ ਮੇਲੇ ਸਬੰਧੀ ਤਿਆਰੀਆਂ ਆਰੰਭ ਦਿੱਤੀ ਗਈਆਂ ਹਨ ਅਤੇ ਸਟਾਫ ਦੀ ਮੱਦਦ ਦੇ ਨਾਲ ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚਾੜਿਆ ਜਾਵੇਗਾ।