ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੂਪਨਗਰ ‘ਚ ਬਾਲ ਅਵਸਥਾ ਸਿੱਖਿਆ ਦਾ ਨਵਾਂ ਅਧਿਆਇ ‘ਮਿਸ਼ਨ ਆਰੰਭ’ ਦਾ ਕੀਤਾ ਆਗਾਜ਼
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੂਪਨਗਰ ‘ਚ ਬਾਲ ਅਵਸਥਾ ਸਿੱਖਿਆ ਦਾ ਨਵਾਂ ਅਧਿਆਇ ‘ਮਿਸ਼ਨ ਆਰੰਭ’ ਦਾ ਕੀਤਾ ਆਗਾਜ਼
ਰੂਪਨਗਰ, 10 ਮਾਰਚ: ਹਜ਼ਾਰਾਂ ਮੀਲਾਂ ਦੀ ਯਾਤਰਾ ਇੱਕ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ ਅਤੇ ਰੂਪਨਗਰ ਦੇ ਹਜ਼ਾਰਾਂ ਬੱਚਿਆਂ ਲਈ ਇਹ ਕਦਮ ‘ਮਿਸ਼ਨ ਆਰੰਭ’ ਰਾਹੀਂ ਚੁੱਕਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸਹਿਯੋਗੀ ਸੰਸਥਾ ਰਾਕੇਟ ਲਰਨਿੰਗ ਦੇ ਸਹਿਯੋਗ ਨਾਲ ਸਥਾਨਕ ਆਂਗਣਵਾੜੀ ਕੇਂਦਰਾਂ ਨੂੰ ਅਜਿਹੀਆਂ ਚਹਿਲ ਪਹਿਲ ਤੇ ਰੌਣਕ ਵਾਲੀਆਂ ਥਾਵਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿੱਥੇ ਬੱਚੇ ਖੁਸ਼ੀ-ਖੁਸ਼ੀ ਸਿੱਖਣ ਆਉਂਦੇ ਹਨ।
ਇਸ ਦ੍ਰਿਸ਼ਟੀਕੋਣ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ, ਮੁੱਖ ਮੰਤਰੀ ਫੀਲਡ ਅਫਸਰ ਸ਼੍ਰੀ ਅਭਿਮੰਨਿਊ ਮਲਿਕ ਅਤੇ ਡੀਡੀਐਫ਼ ਮਿਸ ਅਦਿੱਤੀ ਸ਼ਰਮਾ ਵੱਲੋਂ ਮਿਲ ਰਹੇ ਨਿਰੰਤਰ ਉਤਸ਼ਾਹ ਨੇ ਮਜ਼ਬੂਤ ਸਹਾਰਾ ਦਿੱਤਾ ਹੈ ਜੋ ਇਸ ਪ੍ਰੋਗਰਾਮ ਦੀ ਸਫਲਤਾ ਦੀ ਅਸਲੀ ਰੀੜ੍ਹ ਦੀ ਹੱਡੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਫੀਲਡ ਅਫਸਰ ਸ਼੍ਰੀ ਅਭਿਮੰਨਿਊ ਮਲਿਕ ਨੇ ਦੱਸਿਆ ਕਿ ਇਸ ਮਿਸ਼ਨ ਦੀ ਅਸਲੀ ਝਲਕ ਕੁਝ ਸਮਾਂ ਪਹਿਲਾ ਗਣਤੰਤਰ ਦਿਵਸ ਸਮਾਰੋਹ ਦੌਰਾਨ ਵੇਖਣ ਨੂੰ ਮਿਲੀ, ਜਦੋਂ ਜ਼ਿਲ੍ਹੇ ਨੇ ਤਿੰਨ ਅੱਗੇ ਰਹਿਣ ਵਾਲੀਆਂ ਯੋਧਾ ਵਰਕਰਾਂ ਆਂਗਣਵਾੜੀ ਕੇਂਦਰ ਹਰੀਪੁਰ ਦੀ ਰਾਜ ਰਾਣੀ, ਆਂਗਣਵਾੜੀ ਕੇਂਦਰ ਕੱਟਾ ਦੀ ਮਨਜੀਤ ਕੌਰ ਅਤੇ ਆਂਗਣਵਾੜੀ ਕੇਂਦਰ ਸਮਰੋਲੀ ਦੀ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਰਕਰਾਂ ਨੂੰ ਕੇਵਲ ਮਿਹਨਤ ਲਈ ਹੀ ਨਹੀਂ ਸਗੋਂ ਇਸ ਗੱਲ ਲਈ ਵੀ ਸਨਮਾਨਿਤ ਕੀਤਾ ਗਿਆ ਕਿ ਉਨ੍ਹਾਂ ਨੇ ਸਿੱਖਿਆ ਨੂੰ ਬੱਚਿਆਂ ਦੇ ਘਰਾਂ ਤੱਕ ਪਹੁੰਚਾਇਆ ਹੈ। ਡਿਜ਼ਿਟਲ ਗਰੁੱਪਾਂ ਰਾਹੀਂ ਹੁਣ ਮਾਪਿਆਂ ਨੂੰ ਰੋਜ਼ਾਨਾ ਘਰ ਵਿੱਚ ਕਰਵਾਈਆਂ ਜਾਣ ਵਾਲੀਆਂ ਸਿੱਖਣ ਗਤੀਵਿਧੀਆਂ ਭੇਜੀਆਂ ਜਾਂਦੀਆਂ ਹਨ ਜਿਸ ਵਿੱਚ ਸੋਚਣ ਦੀ ਸਮਰੱਥਾ ਵਿਕਸਿਤ ਕਰਨ ਵਾਲੀਆਂ ਅਤੇ ਰਚਨਾਤਮਕ ਖੇਡਾਂ ਨਾਲ ਜੁੜੀਆਂ ਕਿਰਿਆਵਾਂ ਸ਼ਾਮਿਲ ਹਨ। ਇਸ ਸੌਖੇ ਕਦਮ ਨਾਲ ਪਰਿਵਾਰਾਂ ਨੂੰ ਇਹ ਸਮਝ ਆ ਰਹੀ ਹੈ ਕਿ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਸਿੱਖਿਆ ਕਿੰਨੀ ਮਹੱਤਵਪੂਰਨ ਹੈ ਅਤੇ ਇਸ ਤਰ੍ਹਾਂ ਮਾਪੇ ਵੀ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣ ਰਹੇ ਹਨ।
ਸ਼੍ਰੀ ਅਭਿਮੰਨਿਊ ਮਲਿਕ ਨੇ ਦੱਸਿਆ ਕਿ ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਨੂੰ ਮਨਾਏ ਜਾਣ ਵਾਲੇ “ਈਸੀਸੀਈ ਦਿਵਸ” ਦੌਰਾਨ ਆਮ ਲੋਕਾਂ ਨਾਲ ਇਹ ਨਾਅਤਾ ਹੋਰ ਵੀ ਮਜ਼ਬੂਤ ਹੁੰਦਾ ਹੈ। ਇਸ ਦਿਨ ਆਂਗਣਵਾੜੀ ਕੇਂਦਰਾਂ ਵਿੱਚ ਰੌਣਕ ਹੋ ਜਾਂਦੀ ਹੈ, ਜਿੱਥੇ ਮਾਪੇ ਅਤੇ ਭਾਈਚਾਰੇ ਦੇ ਮੈਂਬਰ ਬੱਚਿਆਂ ਨਾਲ ਮਿਲ ਕੇ ਵੱਖ-ਵੱਖ ਦਿਲਚਸਪ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ ਜਿਸ ਵਿੱਚ ਸਿਹਤ ਅਤੇ ਸਫ਼ਾਈ ਨਾਲ ਸੰਬੰਧਿਤ ਕਿਰਿਆਵਾਂ ਅਤੇ ਮਨੋਰੰਜਕ ਖੇਡਾਂ ਸ਼ਾਮਲ ਹੁੰਦੀਆਂ ਹਨ। ਇਹ ਦਿਨ ਇੱਕ ਮਹੀਨਾਵਾਰ ਤਿਉਹਾਰ ਬਣ ਗਿਆ ਹੈ ਜਿੱਥੇ ਸਭ ਮਿਲ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੇ ਬੱਚਿਆਂ ਨੂੰ ਵਧਣ-ਫੁੱਲਣ ਲਈ ਸਭ ਤੋਂ ਵਧੀਆ ਵਾਤਾਵਰਣ ਮਿਲੇ।
ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ ਆਂਗਣਵਾੜੀ ਵਰਕਰਾਂ ਦੇ ਪੇਸ਼ੇਵਰ ਵਿਕਾਸ ‘ਤੇ ਵੀ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ। ਆਧਾਰਸ਼ਿਲਾ ਫਰੇਮਵਰਕ ਦੀ ਮਦਦ ਨਾਲ ਉਹ ਛੋਟੀਆਂ ਵੀਡੀਓਜ਼ ਅਤੇ ਇੰਟਰਐਕਟਿਵ ਵਰਕਸ਼ੀਟਾਂ ਰਾਹੀਂ ਆਪਣੇ ਹੁਨਰਾਂ ਨੂੰ ਨਿਖਾਰ ਰਹੀਆਂ ਹਨ। ਉਨ੍ਹਾਂ ਦਾ ਹੋਂਸਲਾ ਵਧਾਉਣ ਲਈ ਜ਼ਿਲ੍ਹੇ ਵੱਲੋਂ ਹਰ ਮਹੀਨੇ “ਐਕਟਿਵ ਪਰਫਾਰਮਰ” ਵਰਕਰਾਂ ਨੂੰ ਵਰਚੁਅਲ ਗੋਲਡ, ਸਿਲਵਰ ਅਤੇ ਬਰਾਂਜ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮ ‘ਤੇ ਮਾਣ ਮਹਿਸੂਸ ਹੁੰਦਾ ਹੈ।
ਮੁੱਖ ਮੰਤਰੀ ਫੀਲਡ ਅਫ਼ਸਰ ਨੇ ਦੱਸਿਆ ਕਿ ਇਸ ਪੇਸ਼ੇਵਰ ਪਹਿਲਕਦਮੀ “ਪੋਸ਼ਣ ਵੀ, ਪੜ੍ਹਾਈ ਵੀ” ਮੁਹਿੰਮ ਹੋਰ ਮਜ਼ਬੂਤੀ ਦਿੰਦੀ ਹੈ, ਜੋ ਚੰਗੇ ਪੋਸ਼ਣ ਨੂੰ ਸ਼ੁਰੂਆਤੀ ਸਿੱਖਿਆ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਆਂਗਣਵਾੜੀ ਵਰਕਰ ਆਪਣੇ ਕੰਮ ਵਿੱਚ ਕਾਫ਼ੀ ਆਤਮਵਿਸ਼ਵਾਸ ਮਹਿਸੂਸ ਕਰਦੀਆਂ ਹਨ ਕਿਉਂਕਿ ਮਿਸ਼ਨ ਉਨ੍ਹਾਂ ਨੂੰ ਹਰ ਦਿਨ ਲਈ ਇੱਕ ਸਪਸ਼ਟ ਅਤੇ ਤਿਆਰ ਯੋਜਨਾ ਪ੍ਰਦਾਨ ਕਰਦਾ ਹੈ। ਇਸ ਨਾਲ ਉਹ ਇਹ ਸੋਚਣ ਦੀ ਚਿੰਤਾ ਤੋਂ ਮੁਕਤ ਹੋ ਜਾਂਦੀਆਂ ਹਨ ਕਿ ਕੀ ਪੜ੍ਹਾਉਣਾ ਹੈ ਜਾਂ ਦਿਨ ਦੀ ਯੋਜਨਾ ਕਿਵੇਂ ਬਣਾਉਣੀ ਹੈ ਅਤੇ ਆਪਣੀ ਪੂਰੀ ਤਵੱਜੋ ਬੱਚਿਆਂ ਨਾਲ ਗੱਲਬਾਤ ਕਰਨ, ਉਨ੍ਹਾਂ ਨਾਲ ਖੇਡਣ ਅਤੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਸ਼ੁਰੂਆਤ ਦੇਣ ‘ਤੇ ਕੇਂਦਰਿਤ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਦੀ ਸਿਖਲਾਈ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਨੂੰ ਇਕੱਠੇ ਜੋੜ ਕੇ ਰੂਪਨਗਰ ਕੇਵਲ ਇੱਕ ਨੀਤੀ ਨੂੰ ਲਾਗੂ ਨਹੀਂ ਕਰ ਰਿਹਾ। ਅਸੀਂ ਦੇਸ਼ ਦੇ ਭਵਿੱਖ ਦੀ ਸੰਭਾਲ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ ਨੂੰ, ਭਾਵੇਂ ਉਹ ਕਿਸੇ ਵੀ ਪਿਛੋਕੜ ਤੋਂ ਆਉਂਦਾ ਹੋਵੇ, ਉਹ “ਆਰੰਭ” ਮਿਲੇ ਜਿਸ ਦਾ ਉਹ ਅਸਲ ਹੱਕਦਾਰ ਹੈ।