ਬੰਦ ਕਰੋ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਮਿੰਨੀ ਮੈਰਾਥਨ ਵਿੱਚ 64 ਦਿਵਯਾਂਗਜਨ ਖਿਡਾਰੀਆਂ ਨੇ ਹਿੱਸਾ ਲਿਆ

ਪ੍ਰਕਾਸ਼ਨ ਦੀ ਮਿਤੀ : 24/02/2025
64 Para Players participate in Mini Marathon Organized by District Administration

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਮਿੰਨੀ ਮੈਰਾਥਨ ਵਿੱਚ 64 ਦਿਵਯਾਂਗਜਨ ਖਿਡਾਰੀਆਂ ਨੇ ਹਿੱਸਾ ਲਿਆ

ਦਿਵਿਆਂਗਜਨ ਖਿਡਾਰੀਆਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਉਨ੍ਹਾਂ ਦੇ ਭਾਈਚਾਰੇ ਲਈ ਢੁਕਵੇਂ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ

ਰੂਪਨਗਰ, 24 ਫਰਵਰੀ: ਦ੍ਰਿੜਤਾ ਅਤੇ ਸਮਾਵੇਸ਼ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਵਿੱਚ, ਵੱਖ-ਵੱਖ ਤਰ੍ਹਾਂ ਦੇ ਦਿਵਿਆਂਗਜਨ ਪੈਰਾ ਖਿਡਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਦੁਆਰਾ ਆਯੋਜਿਤ ਮਿੰਨੀ ਮੈਰਾਥਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਭਾਗੀਦਾਰਾਂ ਅਤੇ ਪਤਵੰਤਿਆਂ ਸੱਜਣਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ 64 ਦਿਵਿਆਂਗਜਨ ਖਿਡਾਰੀਆਂ ਨੇ ਹਿੱਸਾ ਲਿਆ।

ਮੈਰਾਥਨ ਦਾ ਉਦਘਾਟਨ ਰੂਪਨਗਰ ਦੇ ਵਿਧਾਇਕ ਸ਼੍ਰੀ ਦਿਨੇਸ਼ ਚੱਢਾ, ਰੂਪਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੇ ਕੀਤਾ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਆਪਣਾ ਪੂਰਨ ਸਹਿਯੋਗ ਦਿੱਤਾ। ਵੱਖ-ਵੱਖ ਸੰਸਥਾਵਾਂ ਦੀ ਵੱਡੀ ਗਿਣਤੀ ਵਿੱਚ ਦਰਜ ਕੀਤੀ ਗਈ ਮੌਜੂਦਗੀ ਨੇ ਪ੍ਰਸ਼ਾਸਨ ਦੀ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਸਮਰਥਨ ਦਿੱਤਾ।

ਪੈਰਾ ਖਿਡਾਰੀਆਂ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ, ਸ਼ਾਟ ਪੁੱਟ ਵਿੱਚ ਰਾਜ ਦੇ ਸੋਨ ਤਗਮਾ ਜੇਤੂ ਪੈਰਾ ਖਿਡਾਰੀ ਸ੍ਰੀ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਸੀ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਰਾਥਨ ਵਿੱਚ ਉਨ੍ਹਾਂ ਦੇ ਭਾਈਚਾਰੇ ਲਈ ਹਰ ਪੱਧਰ ਦੇ ਪੁਖਤਾ ਪ੍ਰਬੰਧ ਕੀਤੇ ਸਨ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦਾ ਉਨ੍ਹਾਂ ਦੀ ਪ੍ਰਾਪਤੀ ਨੂੰ ਮਾਨਤਾ ਦੇਣ ਅਤੇ ਵੱਖ-ਵੱਖ ਸੰਸਥਾਵਾਂ ਦੇ ਦਿਵਿਆਂਗਜਨ ਖਿਡਾਰੀਆਂ ਨੂੰ ਸੱਦਾ ਦੇਣ ਲਈ ਧੰਨਵਾਦ ਵੀ ਪ੍ਰਗਟ ਕੀਤਾ।

ਜ਼ਿਕਰਯੋਗ ਹੈ ਕਿ ਇਸ ਮਿੰਨੀ ਮੈਰਾਥਨ ਵਿੱਚ ਪ੍ਰਕਾਸ਼ ਮੈਮੋਰੀਅਲ ਸਕੂਲ ਰੂਪਨਗਰ ਦੇ ਵਿਦਿਆਰਥੀਆਂ, ਜਿਨ੍ਹਾਂ ਨੇ ਪੰਜਾਬ ਡੈਫ ਐਂਡ ਡੰਬ ਸਪੋਰਟਸ ਐਸੋਸੀਏਸ਼ਨ ਦੁਆਰਾ ਆਯੋਜਿਤ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲਿਆ ਸੀ, ਅਕਸ਼ਿਤ ਕੁਮਾਰ ਐਥਲੀਟ, ਸ਼ਾਟ ਪੁੱਟ ਸੋਨ ਤਗਮਾ ਜੇਤੂ ਆਯੂਸ਼ ਕੁਮਾਰ, ਕ੍ਰਿਕਟ ਖਿਡਾਰੀ ਲਵ ਡਡਵਾਲ, ਜੂਡੋ ਖਿਡਾਰੀ ਸਾਈਮਨਪ੍ਰੀਤ ਸਿੰਘ, ਐਥਲੀਟ ਮਹਿਕ ਅਤੇ ਐਥਲੀਟ ਅਸ਼ੀਸ਼ ਚੌਧਰੀ ਨੇ ਵੀ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 2 ਖਿਡਾਰੀ ਗੁਰਪ੍ਰੀਤ ਸਿੰਘ ਅਤੇ ਸਾਈਮਨਪ੍ਰੀਤ ਸਿੰਘ ਆਉਣ ਵਾਲੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪੈਰਾ ਖੇਡਾਂ ਵਿੱਚ ਹਿੱਸਾ ਲੈਣਗੇ।

ਇਸੇ ਤਰ੍ਹਾਂ, ਪ੍ਰਭ ਆਸਰਾ ਦੇ 31 ਪੈਰਾ ਖਿਡਾਰੀਆਂ ਨੇ ਵੀ ਮਿੰਨੀ ਮੈਰਾਥਨ ਵਿੱਚ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਵਿੱਚੋਂ, ਹਰਮਪ੍ਰੀਤ ਸਿੰਘ ਖੇਡਾ ਵਤਨ ਪੰਜਾਬ ਦੀਆ-2024 ਦੇ ਰਾਜ ਪੱਧਰੀ ਮੁਕਾਬਲੇ ਵਿੱਚ ਲੰਬੀ ਛਾਲ ਵਿੱਚ ਸੋਨ ਤਗਮਾ ਜੇਤੂ ਹੈ, ਅਰਬਾਜ਼ (ਸ਼ਾਟ ਪੁਟ ਵਿੱਚ ਸੋਨ ਤਗਮਾ ਜੇਤੂ) ਅਤੇ ਸੋਨੀ (ਲੰਬੀ ਛਾਲ ਵਿੱਚ ਸੋਨ ਤਗਮਾ ਜੇਤੂ), ਇਸ ਮੌਕੇ ਖਿੱਚ ਦਾ ਕੇਂਦਰ ਬਣੇ।

ਇਸ ਤੋਂ ਇਲਾਵਾ, ਸਰਕਾਰੀ ਸੀਨੀ.ਸੈਕੰ. ਸਕੂਲ ਕਰਤਾਰਪੁਰ ਤੋਂ ਰਾਜ ਪੱਧਰੀ ਪੈਰਾ ਸਪੋਰਟਸ ਜੇਤੂ ਰੋਹਿਤ ਕੁਮਾਰ, ਸ਼ਾਟ ਪੁਟ ਵਿੱਚ ਸੋਨ ਤਗਮਾ ਜੇਤੂ ਆਕਾਸ਼ ਕੁਮਾਰ ਨੇ ਵੀ ਇਸ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ

ਇਸ ਸਮਾਗਮ ਵਿੱਚ ਬੋਲਦਿਆਂ, ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਪੈਰਾ ਖਿਡਾਰੀਆਂ ਦੀ ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ, ਇਹ ਕਹਿੰਦੇ ਹੋਏ ਕਿ ਉਹ ਸਮਾਜ ਲਈ ਪ੍ਰੇਰਨਾ ਸਰੋਤ ਹਨ। ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਖੇਡ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਦਿਵਿਆਂਗਜਨ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।