ਬੰਦ ਕਰੋ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਿਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾ ਰਹੀਆਂ : ਡਾ. ਪ੍ਰੀਤੀ ਯਾਦਵ

ਪ੍ਰਕਾਸ਼ਨ ਦੀ ਮਿਤੀ : 16/03/2023
The problems of the villagers are being solved by the district administration on priority basis: Dr. Preeti Yadav

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਿਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾ ਰਹੀਆਂ : ਡਾ. ਪ੍ਰੀਤੀ ਯਾਦਵ

•ਜਨ ਸੁਨਾਵੀਂ ਕੈਂਪ ਲਗਾ ਕੇ ਪਿੰਡ ਰੋਲੂ ਮਾਜਰਾ, ਦੁੱਗਰੀ ਤੇ ਸ਼ਾਂਤਪੁਰ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਸ਼੍ਰੀ ਚਮਕੌਰ ਸਾਹਿਬ, 16 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਰਿਹਾਇਸ਼ ‘ਤੇ ਜਾ ਕੇ ਹੱਲ ਕਰਨ ਲਈ ਵਚਨਬੱਧ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਿਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਅਧੀਨ ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਰੋਲੂ ਮਾਜਰਾ ਦੀ ਧਰਮਸ਼ਾਲਾ ਵਿੱਚ ਲਗਾਏ ਗਏ ਕੈਂਪ ਦੌਰਾਨ ਕੀਤਾ। ਇਹ ਪਿੰਡ ਰੋਲੂ ਮਾਜਰਾ, ਦੁੱਗਰੀ ਤੇ ਸ਼ਾਂਤਪੁਰ ਪਿੰਡਾਂ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਲਾਇਆ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਸੁਣੀਆਂ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ, ਉੱਥੇ ਹੀ ਕਈ ਬਾਕੀ ਰਹਿੰਦੀਆਂ ਸਮੱਸਿਆਵਾਂ ਦੇ ਯੋਗ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਪਿੰਡ ਰੋਲੂ ਮਾਜਰਾ ਦੇ ਸਰਪੰਚ ਗੁਰਿੰਦਰ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿੰਡਾਂ ‘ਚ ਬੱਸ ਸਰਵਿਸ ਦੀ ਕੋਈ ਸਹੂਲਤ ਨਹੀਂ ਹੈ ਜਿਸ ਕਾਰਨ ਕਈ ਸਕੂਲੀ ਅਧਿਆਪਕ ਸਮੇਂ ਉਤੇ ਪਹੁੰਚ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਪਿੰਡ ਵਿਚ ਮੁਹੱਲਾ ਕਲੀਨਕ ਉਪਲੱਬਧ ਕਰਵਾਉਣ ਲਈ ਕਿਹਾ ਅਤੇ ਪਿੰਡ ਵਿਚ ਮੁੱਖਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ।

ਪਿੰਡ ਦੁੱਗਰੀ ਤੋਂ ਪੰਚ ਸ. ਸੁਖਦਰਸ਼ਨ ਸਿੰਘ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਅਧਿਆਪਕ ਨਾ ਹੋਣ ਦੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਬਾਰੇ ਦੱਸਿਆ ਨਾਲ ਹੀ ਪਿੰਡ ਵਿਚ ਕੱਚੇ ਨਾਲੇ ਦੀ ਸਮੱਸਿਆ ਦਾ ਹੱਲ ਕਰਨ ਲਈ ਅਪੀਲ ਵੀ ਕੀਤੀ। ਪਿੰਡ ਸ਼ਾਤਪੁਰ ਤੋਂ ਸਰਪੰਚ ਪਰਵਿੰਦਰ ਕੌਰ ਨੇ ਆਪਣੇ ਪਿੰਡ ਦੀ ਸਮੱਸਿਆਂ ਨੂੰ ਧਿਆਨ ਵਿਚ ਲਿਆਂਦਾ ਅਤੇ ਦੱਸਿਆ ਕਿ ਪਿੰਡ ਸ਼ਾਤਪੁਰ ਵਿਖੇ ਸੋਲਰ ਲਾਈਟਾਂ ਲਗਾਉਣ ਅਤੇ ਸ਼ੀਸ਼ੇ ਲਗਾਏ ਜਾਣ ਤੇ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਵੀ ਹੱਲ ਕੀਤਾ ਜਾਵੇ।

ਇਸ ਤੋਂ ਇਲਾਵਾ ਇਸ ਕੈਂਪ ਦੌਰਾਨ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ, ਜਿਨ੍ਹਾਂ ਚ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਰਹਿ ਰਹੇ ਆਮ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਦਾ ਹੱਲ ਜਨ ਸੁਨਾਵੀਂ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ ਜੋ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼੍ਰੀਮਤੀ ਅਨਮਜੋਤ ਕੌਰ ਅਤੇ ਐਸਡੀਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ, ਜ਼ਿਲ੍ਹਾ ਭਲਾਈ ਅਫਸਰ ਸ਼੍ਰੀਮਤੀ ਅੰਮ੍ਰਿਤਾ ਬਾਲਾ, ਜ਼ਿਲ੍ਹਾ ਮੰਡੀ ਅਫ਼ਸਰ ਸ. ਨਿਰਮਲ ਸਿੰਘ ਪੁਹਾਲ, ਤਹਿਸੀਲਦਾਰ ਸ਼੍ਰੀ ਚੇਤਨ ਬੰਗੜ, ਬੀ.ਡੀ.ਪੀ.ਓ. ਸ. ਹਰਕੀਤ ਸਿੰਘ, ਡੀ.ਐਸ.ਪੀ. ਸ.ਜਰਨੈਲ ਸਿੰਘ, ਨਾਇਬ ਤਹਿਸੀਲਦਾਰ ਸ.ਦਲਵਿੰਦਰ ਸਿੰਘ, ਸਿਹਤ ਵਿਭਾਗ ਤੋਂ ਐਸਐਮਓ ਡਾ. ਗੋਬਿੰਦ ਟੰਡਨ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।