ਜ਼ਿਲ੍ਹਾ ਪ੍ਰਸ਼ਾਸਨ ਨਸ਼ਿਆਂ ਵਿਰੁੱਧ 8 ਮਈ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏਗਾ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
“ਯੁੱਧ ਨਸ਼ਿਆਂ ਵਿਰੁੱਧ”
ਜ਼ਿਲ੍ਹਾ ਪ੍ਰਸ਼ਾਸਨ ਨਸ਼ਿਆਂ ਵਿਰੁੱਧ 8 ਮਈ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏਗਾ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ
ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ: ਡਿਪਟੀ ਕਮਿਸ਼ਨਰ
ਜ਼ਿਲ੍ਹੇ ‘ਚ 28 ਅਪ੍ਰੈਲ ਨੂੰ ਖੋਲ੍ਹੇ ਜਾਣਗੇ ਨਵੇਂ 5 ਓਟ ਕਲੀਨਿਕ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆਂ ਨੇ ਮੁਹਿੰਮ ਦਾ ਨਿਰੀਖਣ ਤੇ ਰੈਲੀ ਦੀਆਂ ਤਿਆਰੀਆਂ ਸਬੰਧੀ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਰੂਪਨਗਰ, 24 ਅਪ੍ਰੈਲ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਜੰਗੀ ਪੱਧਰ ਉੱਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਨਸ਼ਿਆਂ ਵਿਰੁੱਧ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਲਾਮਬੱਧ ਕਰਨ ਕਰਨ ਲਈ 8 ਮਈ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਅੱਜ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਜਾਇਜ਼ਾ ਲੈਣ ਅਤੇ 8 ਮਈ ਨੂੰ ਕਰਵਾਈ ਜਾਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਕੀਤੀ ਮੀਟਿੰਗ ਵਿੱਚ ਕੀਤਾ।
ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦਾ ਸਾਥ ਲੈ ਕੇ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਖੜੀ ਕੀਤੀ ਜਾ ਰਹੀ ਹੈ। ਇਨ੍ਹਾਂ ਹੀ ਯਤਨਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਮਈ 2025 ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਰੈਲੀ ਦੀ ਅਗਵਾਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕਰਨਗੇ ਜਦਕਿ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੋਟਰੀ ਕਲੱਬ, ਸਮਾਜ ਸੇਵੀ ਜਥੇਬੰਦੀਆਂ, ਯੂਥ ਕਲੱਬ, ਸਕੂਲੀ ਵਿਦਿਆਰਥੀ, ਕਾਲਜਾਂ ਦੇ ਵਿਦਿਆਰਥੀ, ਐੱਨ.ਸੀ.ਸੀ. ਕੈਡਿਟਸ, ਐਨ.ਐਸ.ਐਸ. ਕੈਡਿਟਸ, ਜ਼ਿਲ੍ਹੇ ਦੇ ਖਿਡਾਰੀ, ਦਿਵਿਆਂਗ ਬੱਚੇ (ਸਪੈਸ਼ਲ ਬੱਚੇ) ਖਿਡਾਰੀ, ਲੇਖਕ ਅਤੇ ਸਮਾਜ ਦੇ ਹਰੇਕ ਵਰਗ ਨਾਲ ਸਬੰਧਿਤ ਵਿਅਕਤੀ ਹਿੱਸਾ ਲੈਣਗੇ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਵਿਸ਼ਾਲ ਰੈਲੀ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਂਦੇ ਇਸ ਈਵੈਂਟ ਨੂੰ ਕਾਮਯਾਬ ਕਰਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ 8 ਮਈ ਨੂੰ ਹੋਣ ਵਾਲੀ ਇਸ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣਾ ਕੀਮਤੀ ਹਿੱਸਾ ਜ਼ਰੂਰ ਪਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਤੇ ਪੁਨਰ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ 5 ਨਵੇਂ ਓਟ ਕਲੀਨਿਕ ਵੀ 28 ਅਪ੍ਰੈਲ ਦਿਨ ਸੋਮਵਾਰ ਨੂੰ ਖੋਲ੍ਹੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਅਤੇ ਉਨ੍ਹਾਂ ਦੇ ਪੁਨਰ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰ ਕਰ ਕੇ ਰੁਜ਼ਗਾਰ ਤੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਚ ਸ਼ਾਮਲ ਹੋਣ ਵਿੱਚ ਕੋਈ ਮੁਸ਼ਕਿਲ ਨਾ ਆਵੇ।
ਉਨ੍ਹਾਂ ਕਿਹਾ ਕਿ ਗਲਤ ਸੰਗਤ ਵਿੱਚ ਪਏ ਵਿਅਕਤੀਆਂ ਨੂੰ ਸੁਧਰਨ ਦਾ ਮੌਕਾ ਦੇਣ ਲਈ ਸਮਾਜ ਵੀ ਉਨ੍ਹਾਂ ਦਾ ਹੱਥ ਫੜਨ ਲਈ ਅੱਗੇ ਆਵੇ ਤਾਂ ਜੋ ਉਹ ਆਪ ਸਵੈ ਮਾਣ ਨਾਲ ਸਮਾਜ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਤਰਸੇਮ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਹਰ ਰੋਜ਼ ਮੀਟਿੰਗ ਕਰਨਗੇ, ਸਾਰੇ ਹੀ ਕੰਮ ਦੀ ਲਿਖਤੀ ਵਿੱਚ ਰਿਪੋਰਟ ਤਿਆਰ ਕਰ ਕੇ ਸ਼ੇਅਰ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਹਾਟਸਪਾਟ ਇਲਾਕਿਆਂ ਤੇ ਜਿਆਦਾ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਹੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ ਅਤੇ ਜਾਗਰੂਕਤਾ ਰੈਲੀਆਂ ਕੱਢੀਆਂ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਆਰਟੀਓ ਗੁਰਵਿੰਦਰ ਸਿੰਘ ਜੌਹਲ, ਐੱਸਪੀ ਅਰਵਿੰਦ ਮੀਨਾ, ਮੁੱਖ ਮੰਤਰੀ ਫੀਲਡ ਅਫ਼ਸਰ ਜਸਜੀਤ ਸਿੰਘ, ਐਸਡੀਐਮ ਰੂਪਨਗਰ ਸਚਿਨ ਪਾਠਕ, ਐਸਡੀਐਮ ਨੰਗਲ ਅਨਮਜੋਤ ਕੌਰ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਸਿਵਲ ਸਰਜਨ ਡਾ. ਤਰਸੇਮ ਸਿੰਘ, ਮਨੋਰੋਗਾਂ ਦੇ ਮਾਹਿਰ ਡਾ. ਕੰਵਰਬੀਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਬੀਡੀਪੀਓਜ਼, ਐਸਐਮਓਜ਼ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।