ਬੰਦ ਕਰੋ

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜੇਲ੍ਹ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ

ਪ੍ਰਕਾਸ਼ਨ ਦੀ ਮਿਤੀ : 10/04/2024
District and Sessions Judge and Deputy Commissioner inspected the arrangements of the District Jail

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜੇਲ੍ਹ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ

ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਜੇਲ੍ਹ ਦੇ ਨਿਰੰਤਰ ਨਿਰੀਖਣ ਲਈ ਚੀਫ ਐਲ.ਏ.ਡੀ.ਸੀ. ਰਾਜਬੀਰ ਸਿੰਘ ਰਾਏ ਵਲੋਂ ਕੀਤਾ ਜਾਂਦਾ ਦੌਰਾ

ਰੂਪਨਗਰ, 10 ਅਪ੍ਰੈਲ: ਜੇਲ੍ਹ ਪ੍ਰਸਾਸ਼ਨ ਵੱਲੋਂ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਹੋਰ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਵੱਲੋਂ ਅੱਜ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਗਿਆ।

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਨੇ ਇਸ ਅਚਨਚੇਤ ਦੌਰੇ ਦੌਰਾਨ ਪੂਰੀ ਜੇਲ੍ਹ ਦਾ ਮੁਆਇਨਾ ਕੀਤਾ ਅਤੇ ਜੇਲ੍ਹ ਪ੍ਰਸਾਸ਼ਨ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਬੈਰਕਾਂ ਦਾ ਦੌਰਾ ਕਰਕੇ ਬੰਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਨਾਲ ਹੀ ਜਨਾਨਾ ਵਾਰਡ ਵਿੱਚ ਜਾ ਕੇ ਜੇਲ੍ਹ ਵਿੱਚ ਬੰਦ ਔਰਤਾਂ ਦੀਆਂ ਮੁਸ਼ਕਲਾ ਸੁਣੀਆਂ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਹੱਲ ਕਰਨ ਲਈ ਜੇਲ੍ਹ ਪ੍ਰਸਾਸ਼ਨ ਨੂੰ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਬੰਦੀਆਂ ਵਲੋਂ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਜੇਲ੍ਹ ਤੋਂ ਬਾਹਰ ਜਾ ਕੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਪ੍ਰਣ ਲਿਆ ਕਿ ਉਹ ਆਮ ਨਾਗਰਿਕਾਂ ਦੀ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰਨਗੇ।

ਇਸ ਮੌਕੇ ਉਨ੍ਹਾਂ ਨੇ ਖਾਸ ਤੌਰ ਤੇ ਜੇਲ੍ਹ ਵਿੱਚ ਬਣੇ ਹਸਪਤਾਲ ਦਾ ਨਿਰੀਖਣ ਕੀਤਾ ਅਤੇ ਡਾਕਟਰ ਸਾਹਿਬ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਜੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ, ਜਿਸ ਦੁਆਰਾ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਦੇ ਰਿਕਾਰਡ ਦੀ ਪੜਤਾਲ ਵੀ ਕੀਤੀ ਅਤੇ ਜਰੂਰੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਕੋਈ ਵੀ ਲੋੜਵੰਦ ਬੰਦੀ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਜੇਲ੍ਹ ਦੇ ਲੰਗਰ ਹਾਲ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਬਣ ਰਹੇ ਭੋਜਨ ਦਾ ਮੁਆਇਨਾ ਵੀ ਕੀਤਾ।

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਅਤੇ ਕੈਦੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਅਤੇ ਜੇਲ੍ਹ ਪ੍ਰਬੰਧਾਂ ਨੂੰ ਨਿਯਮਾਂ ਮੁਤਾਬਿਕ ਚੁਸਤ ਦਰੁੱਸਤ ਰੱਖਣ ਲਈ ਅਜਿਹੇ ਦੌਰੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਜੇਲ੍ਹ ਦੇ ਨਿਰੰਤਰ ਨਿਰੀਖਣ ਲਈ ਚੀਫ ਐਲ.ਏ.ਡੀ.ਸੀ. (ਲੀਗਲ ਏਡ ਡਿਫੈਂਸ ਕੌਂਸਲ) ਰਾਜਬੀਰ ਸਿੰਘ ਰਾਏ, ਸਹਾਇਕ ਐਲ.ਏ.ਡੀ.ਸੀ. ਅਸੀਸ ਕੁਮਾਰ, ਅਸਿਸਟੈਂਟ ਐਲ.ਏ.ਡੀ.ਸੀ ਕਰਮਜੀਤ ਕੌਰ ਨਿਯੁਕਤ ਕੀਤੇ ਗਏ ਹਨ ਜੋ ਹਫਤੇ ਵਿਚ 4 ਵਾਰ ਜੇਲ੍ਹ ਦਾ ਦੌਰਾ ਕਰਦੇ ਹਨ ਅਤੇ ਲੋੜਵੰਦ ਬੰਦੀਆਂ ਦੇ ਮੁਫਤ ਕੇਸ ਲੜਦੇ ਹਨ ਅਤੇ ਹੋਰ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮੱਦਦ ਕਰਦੇ ਹਨ।

ਉਨ੍ਹਾਂ ਕਿਹ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਯਕੀਨੀ ਕਰਵਾਉਣ ਵਿਚ ਇਸ ਸਾਰੀ ਪ੍ਰਕੀਰਿਆ ਦੀ ਨਿਗਰਾਨੀ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਵਲੋਂ ਕੀਤੀ ਜਾਂਦੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਪੀ. (ਡੀ) ਰਪਿੰਦਰ ਕੌਰ ਸਰਾਂ, ਡੀ.ਐਸ.ਪੀ. ਹਰਪਿੰਦਰ ਗਿੱਲ, ਜ਼ਿਲ੍ਹਾ ਅਟੋਰਨੀ ਰਾਕੇਸ਼ ਗੋਇਲ, ਵਧੀਕ ਜ਼ਿਲ੍ਹਾ ਅਟੋਰਨੀ ਗੁਰਪ੍ਰੀਤ ਸਿੰਘ, ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਅਤੇ ਡਿਪਟੀ ਸੁਪਰਡੰਟ ਜੇਲ੍ਹ ਅਨਮੋਲਜੀਤ ਸਿੰਘ, ਡੀ.ਐਸ.ਪੀ ਸੁਰੱਖਿਆ ਬਲਵਿੰਦਰ ਸਿੰਘ, ਵੀ ਹਾਜ਼ਰ ਸਨ।