ਜ਼ਹਿਰ ਮੁਕਤ ਸਬਜ਼ੀਆਂ ਉਗਾਓ, ਚੰਗੀ ਸਿਹਤ ਪਾਓ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਹਿਰ ਮੁਕਤ ਸਬਜ਼ੀਆਂ ਉਗਾਓ, ਚੰਗੀ ਸਿਹਤ ਪਾਓ – ਡਿਪਟੀ ਕਮਿਸ਼ਨਰ
ਘਰ ਦੀਆਂ ਛੱਤਾਂ ਉੱਤੇ ਵੀ ਲਗਾਈਆਂ ਜਾ ਸਕਦੀਆਂ ਸਬਜੀਆਂ
ਸਰਦੀ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜ਼ਿਲ੍ਹੇ ਵਿੱਚ ਕੀਤੀ ਜਾਰੀ
ਰੂਪਨਗਰ, 19 ਸਤੰਬਰ: ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸਰਦੀ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਵਿੱਚ ਜਾਰੀ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਘਰੇਲੂ ਪੱਧਰ ਤੇ ਜ਼ਹਿਰ ਮੁਕਤ ਸਬਜੀਆਂ ਉਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਜਿੱਥੇ ਇਹ ਜ਼ਹਿਰ ਮੁਕਤ ਸਬਜ਼ੀਆਂ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਉਥੇ ਸਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਪਹੁੰਚਾਉਂਦੀਆਂ ਹਨ। ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜੀਆਂ ਖਾਣ ਨਾਲ ਸਾਨੂੰ ਪੌਸ਼ਟਿਕ ਤੱਤ ਪ੍ਰਾਪਤ ਹੋਣ ਕਰਕੇ ਸਰੀਰਕ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਅਤੇ ਤੰਦਰੁਸਤੀ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਘਰ ਦੀਆਂ ਛੱਤਾਂ ਉੱਤੇ ਵੀ ਸਬਜੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਿਸ ਲਈ ਕੋਈ ਵੀ ਵਿਅਕਤੀ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਗਮਲਿਆਂ ਵਿਚ ਸਬਜੀਆਂ ਲਾਉਣ ਵਿੱਚ ਮਦਦ ਲੈ ਸਕਦਾ ਹੈ।
ਇਸ ਮੌਕੇ ਤੇ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਘਰੇਲੂ ਪੱਧਰ ਤੇ ਸਬਜੀਆਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆ ਨਾਲ ਕਰਨੀ ਚਾਹੀਦੀ ਹੈ ਅਤੇ ਮਿੱਟੀ/ਪੌਦੇ ਵਿੱਚ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਦੀ ਬਜਾਏ ਰੂੜੀ ਖਾਦ ਅਤੇ ਗੰਡੋਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਸਬਜ਼ੀ ਬੀਜ ਮਿੰਨੀ ਕਿੱਟਾਂ ਜ਼ਿਲ੍ਹਾ ਬਾਗਬਾਨੀ ਦਫਤਰ ਅਤੇ ਵੱਖ-ਵੱਖ ਬਲਾਕਾਂ ਦੇ ਬਾਗਬਾਨੀ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ 10 ਕਿਸਮਾਂ ਦੇ ਸਬਜ਼ੀ ਬੀਜ ਹਨ ਇਸ ਦਾ ਰੇਟ 80 ਰੁਪਏ ਪ੍ਰਤੀ ਮਿੰਨੀ ਸਬਜ਼ੀ ਬੀਜ ਕਿੱਟ ਰੱਖਿਆ ਗਿਆ ਹੈ।
ਇਸ ਮੌਕੇ ਉਤੇ ਬਾਗਬਾਨੀ ਵਿਕਾਸ ਅਫਸਰ ਸ. ਚਤੁਰਜੀਤ ਸਿੰਘ ਅਤੇ ਸ਼੍ਰੀ ਯੁਵਰਾਜ ਤੋਂ ਇਲਾਵਾ ਭੂਮੀ ਰੱਖਿਆ ਅਫਸਰ ਸ਼੍ਰੀ ਗਰਵਿਤ ਬਾਲੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਾਜ਼ਰ ਸਨ।