ਬੰਦ ਕਰੋ

ਚੋਣ ਅਬਜ਼ਰਵਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 07/02/2022
Election Observers Meeting with Representatives of Political Parties

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਿਧਾਨ ਸਭਾ ਚੋਣਾਂ-2022

ਚੋਣ ਅਬਜ਼ਰਵਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ

ਮੀਟਿੰਗ ‘ਚ ਜ਼ਿਲ੍ਹਾ ਚੋਣ ਅਫ਼ਸਰ, ਪੁਲਿਸ ਕਮਿਸ਼ਨਰ, ਐਸ.ਐਸ.ਪੀ., ਵਧੀਕ ਡਿਪਟੀ ਕਮਿਸ਼ਨਰ, ਰਿਟਰਨਿੰਗ ਅਫ਼ਸਰ/ਹਲਕਾ ਪੱਧਰ ਦੇ ਪੁਲਿਸ ਇੰਚਾਰਜ, ਸਹਾਇਕ ਖਰਚਾ ਨਿਗਰਾਨ ਤੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਵੀ ਰਹੇ ਮੌਜੂਦ

ਰੂਪਨਗਰ, 6 ਫਰਵਰੀ: ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਤਾਇਨਾਤ ਕੀਤੇ ਜ਼ਿਲ੍ਹਾ ਰੂਪਨਗਰ ਦੇ 3 ਚੋਣ ਅਬਜ਼ਰਵਰਾਂ ਨੇ ਅੱਜ ਦੁਪਹਿਰ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਅਬਜ਼ਰਵਰਾਂ ਨਾਲ ਗੱਲਬਾਤ ਕੀਤੀ ਅਤੇ ਚੋਣਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਰਿਟਰਨਿੰਗ ਅਫ਼ਸਰਾਂ ਨੇ ਅਬਜ਼ਰਵਰਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।

ਜਰਨਲ ਆਬਜ਼ਰਵਰ ਸ਼੍ਰੀ ਪੰਧਾਰੀ ਯਾਦਵ ਨੇ ਮੀਟਿੰਗ ਵਿੱਚ ਕਿਹਾ ਕਿ ਸੀ-ਵਿਜਲ ਐਪ ਰਾਹੀਂ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਜਾਂ ਘਟਨਾ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ ਜਿਸ ਉਪਰੰਤ ਸੌ ਮਿੰਟਾਂ ਵਿੱਚ ਸਮੱਸਿਆ ਨੂੰ ਹੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਪੋਲਿੰਗ ਬੂਥ ਸਬੰਧੀ ਕੋਈ ਸ਼ਿਕਾਇਤ ਹੈ ਜਾਂ ਫਿਰ ਕਿਸੇ ਜਗ੍ਹਾ ਸੁਰੱਖਿਆ ਪ੍ਰਬੰਧਾਂ ਦੀ ਜਰੂਰਤ ਹੈ ਤਾਂ ਫਿਰ ਉਸ ਦੀ ਸੂਚਨਾ ਵੀ ਦਿੱਤੀ ਜਾਵੇ।

ਪੁਲਿਸ ਆਬਜ਼ਰਵਰ ਸ਼੍ਰੀ ਧਰਮਿੰਦਰ ਸਿੰਘ ਨੇ ਮੀਟਿੰਗ ਵਿੱਚ ਕਿਹਾ ਕਿ ਗੈਰ ਸਮਾਜਿਕ ਤੱਤਾਂ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਇਨ੍ਹਾਂ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਤਹਿਤ ਕਿਸੇ ਵੀ ਸ਼ਿਕਾਇਤ ਨੂੰ ਦਰਜ ਕਰਵਾਉਣ ਲਈ 1950 ਹੈਲਪ ਲਾਇਨ ਚਲਾਈ ਜਾ ਰਹੀ ਹੈ ਜਿੱਥੇ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਖਰਚਾ ਆਬਜ਼ਰਵਰ ਸ਼੍ਰੀ ਨਰਿੰਦਰ ਕੁਮਾਰ ਨਾਇਕ ਨੇ ਦੱਸਿਆ ਕਿ ਸਾਰੀਆਂ ਰਾਜਨਿਤਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਖਰਚਾ ਰਜਿਸਟਰ ਅਤੇ ਹੋਰ ਸਬੰਧਿਤ ਦਸਤਾਵੇਜ ਰੋਜ਼ਾਨਾ ਬਣਾਏ ਜਾਣ ਜਿਨ੍ਹਾਂ ਦਾ ਨਿਰੀਖਣ 10 ਫਰਵਰੀ ਸਵੇਰੇ 10 ਵਜੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਨਿਰੀਖਣ 14 ਅਤੇ 18 ਫਰਵਰੀ ਨੂੰ ਵੀ ਕੀਤਾ ਜਾਵੇਗਾ।

ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਇਕੱਠ/ਰੈਲੀ ਆਦਿ ਨੂੰ ਬਿਨ੍ਹਾਂ ਪ੍ਰਵਾਨਗੀ ਤੋਂ ਆਯੋਜਿਤ ਨਾ ਕਰਨ। 8 ਫਰਵਰੀ ਨੂੰ ਈ.ਵੀ.ਐਮ. ਮਸ਼ੀਨਾਂ ਦੀ ਖਾਸ ਤੌਰ ਤੇ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਈ.ਵੀ.ਐਮ. ਦੀ ਆਉਣ ਜਾਣ ਸਬੰਧੀ ਹੋਣ ਵਾਲੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਣ ਲਈ ਲਿਆਉਣ ਵਾਲੇ ਵਾਹਨਾਂ ਵਿੱਚ ਜੀ.ਪੀ.ਐਸ. ਸਿਸਟਮ ਅਤੇ ਕੈਮਰੇ ਦੀ ਵਰਤੋਂ ਲਾਜ਼ਮੀ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ, ਬੈਨਰ, ਪੈਮਫਲੈਟ, ਵੀਡਿਓਜ਼, ਆਡੀਓਜ਼ ਅਤੇ ਸ਼ੋਸ਼ਲ ਮੀਡੀਆ ਉੱਤੇ ਲਗਾਏ ਜਾਣ ਵਾਲੇ ਵਿਗਿਆਪਨ ਦੀ ਪੂਰਵ ਪ੍ਰਵਾਨਗੀ ਜ਼ਿਲ੍ਹਾ ਮੀਡੀਆ ਸਰਟੀਫਿਕੇਸ਼ਨ ਅਤੇ ਮੀਡੀਆ ਮੋਨੀਟਰਿੰਗ ਕਮੇਟੀ ਤੋਂ ਲੈਣੀ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਕਿਸੇ ਵੀ ਤਰ੍ਹਾਂ ਦੇ ਪ੍ਰਿਟਿੰਗ ਮੀਟੀਰਅਲ ਤੇ ਪ੍ਰਿੰਟਰ ਦਾ ਨਾਂ ਅਤੇ ਰਜਿਸ਼ਟਰੇਸ਼ਨ ਦਾ ਬਿਓਰਾ ਦੇਣਾ ਵੀ ਲਾਜ਼ਮੀ ਹੈ।

ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਇੱਕ ਮਹੀਨੇ ਬਾਅਦ ਖਰਚਾ ਆਬਜ਼ਰਵਰਜ਼ ਵਲੋਂ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਨਾਲ ਮਿਲਾਨ ਕੀਤਾ ਜਾਂਦਾ ਹੈ ਜਿਸ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਆਪਣੇ ਸਾਰੇ ਰਿਕਾਰਡ ਨੂੰ ਰੋਜ਼ਾਨਾ ਅਪਡੇਟ ਕਰਨ।

ਐਸ.ਐਸ.ਪੀ. ਸ਼੍ਰੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਉਮੀਦਵਾਰ ਜਾ ਵਰਕਰਾਂ ਨੂੰ ਲੱਗਦਾ ਹੈ ਕਿ ਕੋਈ ਅਪਰਾਧਿਕ ਪਿਛੋਕੜ ਜਾਂ ਫਿਰ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਨਾਲ ਸਬੰਧਿਤ ਕੁੱਲ 78 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਜਿੱਥੇ ਪੁਲਿਸ ਵਲੋਂ ਵਿਸ਼ੇਸ਼ ਨਿਗਰਾਨੀ ਅਤੇ ਚੌਕਸੀ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੀਟਿੰਗ ਵਿੱਚ ਅਧਿਕਾਰੀਆਂ ਵਲੋਂ ਵੋਟਰਾਂ ਦੀ ਜਾਣਕਾਰੀ, ਸਟਰਾਂਗ ਰੂਮ ਅਤੇ ਵੋਟਾਂ ਦੀ ਗਿਣਤੀ ਆਦਿ ਦੇ ਵੇਰਵੇ ਵੀ ਸਾਂਝੇ ਕੀਤੇ ਗਏ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ, ਐਸ.ਪੀ. ਸ਼੍ਰੀ ਅੰਕੁਰ ਗੁਪਤਾ ਰਿਟਰਨਿੰਗ ਅਫ਼ਸਰ ਸ਼੍ਰੀ ਅਨੰਦਪੁਰ ਸਾਹਿਬ-49 ਸ਼੍ਰੀ ਕੇਸ਼ਵ ਗੋਇਲ, ਰਿਟਰਨਿੰਗ ਅਫਸਰ ਰੂਪਨਗਰ-50 ਸ਼੍ਰੀ ਗੁਰਵਿੰਦਰ ਜੌਹਲ, ਸ਼੍ਰੀ ਚਮਕੌਰ ਸਾਹਿਬ-51 ਸ਼੍ਰੀ ਪਰਮਜੀਤ ਸਿੰਘ ਸਹਾਇਕ ਖਰਚਾ ਨਿਗਰਾਨ ਅਤੇ ਵੱਖ-ਵੱਖ ਚੋਣ ਸਬੰਧਤ ਕਮੇਟੀਆਂ ਦੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਵੀ ਹਾਜ਼ਰ ਸਨ।