ਬੰਦ ਕਰੋ

ਚੇਅਰਮੈਨ ਰਾਮ ਮੁਕਾਰੀ ਨੇ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਮੀਟਿੰਗ ‘ਚ ਓ.ਬੀ.ਸੀ ਦੀ ਪ੍ਰਾਂਤਕ ਅਤੇ ਕੇਂਦਰੀ ਲਿਸਟ ਵਿੱਚ “ਸੈਣੀ ਸਿੱਖ” ਨੂੰ ਸ਼ਾਮਲ ਕਰਨ ਦੀ ਮੰਗ ਰੱਖੀ

ਪ੍ਰਕਾਸ਼ਨ ਦੀ ਮਿਤੀ : 16/10/2025
Chairman Ram Mukari demanded inclusion of

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਚੇਅਰਮੈਨ ਰਾਮ ਮੁਕਾਰੀ ਨੇ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਮੀਟਿੰਗ ‘ਚ ਓ.ਬੀ.ਸੀ ਦੀ ਪ੍ਰਾਂਤਕ ਅਤੇ ਕੇਂਦਰੀ ਲਿਸਟ ਵਿੱਚ “ਸੈਣੀ ਸਿੱਖ” ਨੂੰ ਸ਼ਾਮਲ ਕਰਨ ਦੀ ਮੰਗ ਰੱਖੀ

ਰੂਪਨਗਰ, 16 ਅਕਤੂਬਰ: ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ ਸ਼੍ਰੀ ਰਾਮ ਕੁਮਾਰ ਮੁਕਾਰੀ ਨੇ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਮੀਟਿੰਗ ‘ਚ ਓ.ਬੀ.ਸੀ ਦੀ ਪ੍ਰਾਂਤਕ ਅਤੇ ਕੇਂਦਰੀ ਲਿਸਟ ਵਿੱਚ “ਸੈਣੀ ਸਿੱਖ” ਨੂੰ ਸ਼ਾਮਲ ਕਰਨ ਦੀ ਮੰਗ ਰੱਖੀ ਤਾਂ ਜੋ ਫ਼ੌਜ ਸੀ ਭਰਤੀ ਵਿੱਚ ਨੌਜਵਾਨਾਂ ਨੂੰ ਆਉਣ ਵਾਲੀ ਦਿੱਕਤਾਂ ਦਾ ਅੱਗੇ ਤੋਂ ਸਾਹਮਣਾ ਨਾ ਕਰਨਾ ਪਵੇ।

ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਇਹ ਅਹਿਮ ਮੀਟਿੰਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਹੰਸ ਰਾਜ ਗੰਗਾ ਰਾਮ ਅਹੀਰ ਦੀ ਪ੍ਰਧਾਨਗੀ ਹੇਠ ਸੈਕਟਰ 10 ਚੰਡੀਗੜ੍ਹ ਦੇ ਮਾਊਟ ਵਿਊ ਹੋਟਲ ਵਿਚ ਹੋਈ।

ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ. ਮੀਨਾ, ਵਿਭਾਗ ਦੀ ਡਾਇਰੈਕਟਰ ਮੈਡਮ ਵਿੰਨੀ ਭੁੱਲਰ ਸਮੇਤ ਰਾਜ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ। ਇਸ ਉੱਚ ਪੱਧਰੀ ਮੀਟਿੰਗ ਵਿਚ ਚੇਅਰਮੈਨ, ਸੈਣੀ ਭਲਾਈ ਬੋਰਡ ਸ਼੍ਰੀ ਰਾਮ ਕੁਮਾਰ ਮੁਕਾਰੀ ਅਤੇ ਕਾਰਜਕਾਰੀ ਪ੍ਰਧਾਨ, ਸੈਣੀ ਭਵਨ, ਰੂਪਨਗਰ ਸ. ਰਾਜਿੰਦਰ ਸਿੰਘ ਨੰਨੂਆਂ ਵਲੋਂ ਵੀ ਭਾਗ ਲਿਆ ਗਿਆ।

ਮੀਟਿੰਗ ਵਿਚ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ ਅਤੇ ਕਾਰਜਕਾਰੀ ਪ੍ਰਧਾਨ, ਸੈਣੀ ਭਵਨ ਸ. ਰਾਜਿੰਦਰ ਸਿੰਘ ਨੰਨੂਆਂ ਵਲੋਂ ਸਾਂਝੇ ਤੌਰ ਤੇ ਸੈਣੀ ਬਰਾਦਰੀ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੀ ਸਿੱਖ ਰੈਜਮੈਂਟ ਵਿਚ ਭਰਤੀ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਅਹਿਮ ਮੁੱਦੇ ਨੂੰ ਬੜੇ ਜੋਰਦਾਰ ਢੰਗ ਨਾਲ ਉਠਾਇਆ ਗਿਆ ਅਤੇ ਕਮਿਸ਼ਨ ਦੇ ਚੇਅਰਮੈਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸੈਣੀ ਜਾਤੀ ਵਿਚ ਸਿੱਖ ਧਰਮ ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ ਅਤੇ ਓ.ਬੀ.ਸੀ ਦੀ ਪ੍ਰਾਂਤਕ ਅਤੇ ਕੇਂਦਰੀ ਸੂਚੀ ਵਿਚ “ਸੈਣੀ” ਜਾਤੀ ਸ਼ਾਮਲ ਹੈ ਪਰ ਜਦੋਂ ਫੌਜੀ ਭਰਤੀ ਸਮੇਂ “ਸੈਣੀ” ਜਾਤੀ ਦਾ ਸਰਟੀਫਿਕੇਟ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਵਿਚ ਸਿੱਖ ਸ਼ਬਦ ਸ਼ਾਮਲ ਨਾ ਹੋਣ ਕਾਰਨ ਸੈਣੀ ਸਿੱਖ ਨੌਜਵਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰੁਜਗਾਰ ਤੋਂ ਵਾਂਝੇ ਰਹਿ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸ਼ਬਦ ਲਿਖਿਆ ਜਾਵੇ ਤਾਂ “ਸੈਣੀ ਸਿੱਖ” ਸ਼ਬਦ ਓ.ਬੀ.ਸੀ ਦੀ ਲਿਸਟ ਵਿਚ ਨਾ ਹੋਣ ਕਾਰਨ ਸਰਟੀਫਿਕੇਟ ਨਹੀਂ ਬਣਦਾ। ਇਸ ਲਈ ਇਸ ਸਮੱਸਿਆ ਦੇ ਹੱਲ ਲਈ ਰਮਦਾਸੀਆ ਸਿੱਖ, ਰਾਜਪੂਤ ਸਿੱਖ, ਰਾਏ ਸਿੱਖ, ਮਜਬੀ ਸਿੱਖ ਆਦਿ ਦੀ ਤਰਜ ਤੇ ਓ.ਬੀ.ਸੀ. ਦੀ ਪ੍ਰਾਂਤਕ ਅਤੇ ਕੇਂਦਰੀ ਸੂਚੀ ਵਿਚ “ਸੈਣੀ” ਦੇ ਨਾਲ ਨਾਲ “ਸੈਣੀ ਸਿੱਖ” ਸ਼ਬਦ ਸ਼ਾਮਲ ਕੀਤਾ ਜਾਵੇ ਤਾਂ ਕਿ ਸੈਣੀ ਸਿੱਖ ਨੌਜਵਾਨਾ ਨੂੰ ਭਰਤੀ ਹੋਣ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ।

ਇਸ ਮੀਟਿੰਗ ਵਿਚ ਚੇਅਰਮੈਨ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਲੋਂ ਇਸ ਜਾਇਜ਼ ਮੰਗ ਤੇ ਹਮਦਰਦੀ ਨਾਲ ਵਿਚਾਰ ਕਰਕੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।