ਘਨੌਲੀ ਵਿਖੇ ਨਵਾਂ ਓਟ ਕਲੀਨਿਕ ਸ਼ੁਰੂ

ਘਨੌਲੀ ਵਿਖੇ ਨਵਾਂ ਓਟ ਕਲੀਨਿਕ ਸ਼ੁਰੂ
ਰੂਪਨਗਰ, 25 ਅਪ੍ਰੈਲ 2025: ਨਸ਼ੇ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ, ਘਨੌਲੀ ਸਬਸਿਡੀਅਰੀ ਸੈਂਟਰ ਵਿੱਚ ਨਵਾਂ ਓਟ ਕਲੀਨਿਕ ਸ਼ੁਰੂ ਕੀਤਾ ਗਿਆ ਹੈ। ਇਸ ਕਲੀਨਿਕ ਦੇ ਉਦਘਾਟਨ ਸਮੇਂ ਡਾਕਟਰੀ ਟੀਮ, ਸਿਹਤ ਕਰਮਚਾਰੀ ਅਤੇ ਪਿੰਡ ਦੇ ਨੁਮਾਇਂਦੇ ਅਤੇ ਆਮ ਲੋਕ ਮੌਜੂਦ ਰਹੇ।
ਡਾ. ਆਨੰਦ ਘਈ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਹ ਕੇਂਦਰ ਨਸ਼ਿਆਂ ਦੀ ਲਤ ਨਾਲ ਪੀੜਤ ਮਰੀਜ਼ਾਂ ਨੂੰ ਥੈਰੇਪੀ ਅਤੇ ਮਦਦ ਮੁਹੱਈਆ ਕਰੇਗਾ, ਤਾਂ ਜੋ ਉਹ ਨਵੀਂ ਜੀਵਨ ਸ਼ੈਲੀ ਵੱਲ ਵਧ ਸਕਣ। ਇੱਥੇ ਓਪੀਓਇਡ ਲਤ ਵਾਲੇ ਮਰੀਜ਼ਾਂ ਨੂੰ ਰੋਜ਼ਾਨਾ ਮੁਫ਼ਤ ਥੈਰੇਪੀ ਅਤੇ ਕਾਊਂਸਲਿੰਗ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ, ਜਿਸ ਤਹਿਤ ਹਰ ਪੱਧਰ ‘ਤੇ ਨਸ਼ੇ ਦੇ ਖ਼ਿਲਾਫ ਸੰਘਰਸ਼ ਜਾਰੀ ਹੈ। ਇੱਥੇ ਮਾਹਿਰ ਡਾਕਟਰ, ਨਰਸਿੰਗ ਸਟਾਫ ਅਤੇ ਮਾਨਸਿਕ ਸਲਾਹਕਾਰ ਮੌਜੂਦ ਰਹਿਣਗੇ, ਜੋ ਮਰੀਜ਼ਾਂ ਦੀ ਸੰਭਾਲ ਨੂੰ ਯਕੀਨੀ ਬਣਾਉਣਗੇ।
ਇਸ ਮੌਕੇ ਹਾਜ਼ਰ ਸਥਾਨਕ ਲੋਕਾਂ ਨੇ ਇਸ ਕਦਮ ਦੀ ਭਰਪੂਰ ਸਾਰ੍ਹਾਨਾ ਕੀਤੀ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।