ਗੰਨਾ ਕਾਸ਼ਤਕਾਰਾਂ ਲਈ ਲਗਾਇਆ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਗੰਨਾ ਕਾਸ਼ਤਕਾਰਾਂ ਲਈ ਲਗਾਇਆ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ
ਮੋਰਿੰਡਾ, 20 ਨਵੰਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵੱਲੋਂ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪ੍ਰੋਜੈਕਟ ਅਫਸਰ ਜਲੰਧਰ ਡਾ. ਮਨਧੀਰ ਸਿੰਘ ਦੀ ਅਗਵਾਈ ਹੇਠ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 70 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਗੰਨਾ ਵਿਕਾਸ ਅਫਸਰ ਲੁਧਿਆਣਾ ਡਾ.ਜਸਵਿੰਦਰ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਉਨੱਤੀ ਯੋਜਨਾ ਦੇ ਤਹਿਤ ਐਨ.ਐਫ.ਐਸ.ਐਮ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾ ਕੇ ਆਮਦਨ ਵਧਾਉਣ ਲਈ ਪੰਜਾਬ ਵਿਚ ਗੰਨੇ ਦੀ ਫਸਲ ਵਿਚ ਅੰਤਰ ਫਸਲਾਂ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਂਟ ਲਗਾਏ ਜਾ ਰਹੇ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਡਾਇਰੈਕਟਰ ਗੰਨਾ ਰੀਜ਼ਨਲ ਖੋਜ ਕੇਂਦਰ ਕਪੂਰਥਲਾ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਗੰਨਾਂ ਕਾਸ਼ਤਕਾਰਾਂ ਨੂੰ ਪੂਰੀ ਵਿਉਂਤਬੰਦੀ ਕਰਕੇ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਸੁਚੱਜੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿੱਥ ਵਿਧੀ, ਅੰਤਰੀ ਫਸਲਾਂ ਅਤੇ ਮਲਚਿੰਗ ਤਕਨੀਕ, ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕੈਮੀਕਲ ਦਵਾਈਆਂ ਦੇ ਨਾਲ ਬਾਇਓਲੋਜੀਕਲ ਕੰਟਰੋਲ ਰਾਹੀ ਵੀ ਕਰਨੀ ਚਾਹੀਦੀ ਹੈ।
ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਉਣ ਦੇ ਮਕਸਦ ਲਈ ਗੰਨਾ ਕਾਸ਼ਤਾਕਰਾਂ ਨੂੰ ਚੌੜੀ ਵਿਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਧੀ ਤਹਿਤ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਦੀਆਂ ਲਾਇਨਾਂ ਤੇ ਗੰਨੇ ਦੀ ਬਿਜਾਈ ਇੱਕ ਜਾਂ ਦੋ ਖਾਲੀਆਂ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗੰਨੇ ਦੀ ਫਸਲ ਦੇ ਬੂਟਿਆਂ ਨੂੰ ਵਧੇਰੇ ਰੋਸ਼ਨੀ ਅਤੇ ਹਵਾ ਮਿਲਦੀ ਹੈ ਜਿਸ ਕਾਰਨ ਫਸਲ ਘੱਟ ਡਿਗਣ ਕਾਰਨ ਪੈਦਾਵਾਰ ਵਿਚ ਵਾਧਾ ਹੁੰਦਾ ਹੈ।
ਇਸ ਤੋਂ ਇਲਾਵਾ ਰੀਜ਼ਨਲ ਖੋਜ ਕੇਂਦਰ ਕਪੂਰਥਲਾ ਤੋਂ ਆਏ ਕੀਟ ਵਿਗਿਆਨੀ ਡਾ. ਰਜਿੰਦਰ ਕੁਮਾਰ, ਐਗਰੋਨੋਮਿਸਟ ਡਾ. ਜਸਨਜੋਤ ਕੌਰ, ਬਾਇਉਕੇਮਿਸਟ ਡਾ. ਇੰਦਰਪਾਲ ਕੌਰ, ਭੌਂ-ਪਰਖ ਅਫਸਰ ਹੁਸ਼ਿਆਰਪੁਰ ਡਾ. ਗੁਰਕਿਰਪਾਲ ਸਿੰਘ ਅਤੇ ਏ.ਡੀ.ਓ ਗੰਨਾ ਕੁਹਾੜਾ ਡਾ. ਅਰਸ਼ਦੀਪ ਸਿੰਘ ਵਲੋ ਗੰਨੇ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ, ਕੀੜੇ ਮਕੌੜੇ ਦੀ ਰੋਕਥਾਮ, ਰੋਗ ਪ੍ਰਬੰਧਨ,ਗੰਨੇ ਦੀ ਅੰਤਰ ਫਸਲਾਂ ਦੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿਤੀ ਗਈ।
ਪ੍ਰਿੰਸੀਪਲ ਜੀਵ ਵਿਗਿਆਨੀ ਪੀ.ਏ.ਯੂ ਲੁਧਿਆਣਾ ਡਾ. ਨੀਨਾ ਸਿੰਗਲਾ ਨੇ ਗੰਨੇ ਦੀ ਫਸਲ ਵਿਚ ਚੂਹਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਜਨਰਲ ਮੈਨੇਜਰ ਸ. ਤਰਨਜੀਤ ਸਿੰਘ ਜੀ ਅਤੇ ਮੁੱਖ ਗੰਨਾ ਵਿਕਾਸ ਅਫਸਰ ਸ. ਰਵਿੰਦਰ ਸਿੰਘ ਨੇ ਸਾਰੇ ਆਏ ਹੋਏ ਕਿਸਾਨਾਂ ਦਾ ਟਰੇਨਿੰਗ ਵਿਚ ਆਉਣ ਤੇ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਰਕਬਾ ਗੰਨੇ ਦੀ ਫਸਲ ਹੇਠ ਲਿਆਉਣ।