ਖੇਤੀਬਾੜੀ ਦੇ ਫਸਲੀ ਚੱਕਰ ਚੋਂ ਨਿਕਲ ਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਏ ਜਾਣ – ਵਧੀਕ ਡਿਪਟੀ ਕਮਿਸ਼ਨਰ (ਵ)

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੇਤੀਬਾੜੀ ਦੇ ਫਸਲੀ ਚੱਕਰ ਚੋਂ ਨਿਕਲ ਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਏ ਜਾਣ – ਵਧੀਕ ਡਿਪਟੀ ਕਮਿਸ਼ਨਰ (ਵ)
ਸਰਕਾਰੀ ਮੱਛੀ ਪੂੰਗ ਫਾਰਮ ਕਟਲੀ ਵਿਖੇ ਤਿੰਨ ਦਿਨਾਂ ਟ੍ਰੇਨਿੰਗ ਕੈਂਪ ਦਾ ਕੀਤਾ ਉਦਘਾਟਨ
ਰੂਪਨਗਰ, 19 ਫ਼ਰਵਰੀ: ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨੀਲੀ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਤਾਜੇ/ ਮਿੱਠੇ ਪਾਣੀ ਵਿੱਚ ਮੱਛੀ ਪਾਲਣ ਵਿਸ਼ੇ ਅਧੀਨ ਇੱਕ ਤਿੰਨ ਰੋਜਾ ਟ੍ਰੇਨਿੰਗ ਕੈਂਪ ਦਾ ਆਯੋਜਨ ਮੱਛੀ ਪੂੰਗ ਫਾਰਮ ਕਟਲੀ ਵਿਖੇ ਕੀਤਾ ਗਿਆ ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ ਰੂਪਨਗਰ ਚੰਦਰਜਯੋਤੀ ਸਿੰਘ ਵਲੋਂ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ ਰੂਪਨਗਰ ਚੰਦਰਜਯੋਤੀ ਸਿੰਘ ਨੇ ਜ਼ਿਲ੍ਹਾ ਰੂਪਨਗਰ ਅਤੇ ਮੋਹਾਲੀ ਦੇ ਟ੍ਰੇਨੀਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਦੇ ਫਸਲੀ ਚੱਕਰ ਵਿੱਚੋਂ ਨਿੱਕਲ ਕੇ ਵੱਧ ਤੋਂ ਵੱਧ ਸਹਾਇਕ ਧੰਦਿਆਂ ਨੂੰ ਅਪਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨਾਲ ਮੁਰਗੀ ਪਾਲਣ, ਸੂਰ ਪਾਲਣ, ਡੇਅਰੀ ਅਤੇ ਬਾਗਬਾਨੀ ਦੇ ਧੰਦਿਆਂ ਦਾ ਬੜੀ ਅਸਾਨੀ ਨਾਲ ਸੁਮੇਲ ਕਰਕੇ ਆਮਦਨ ਵਿੱਚ ਚੌਖਾ ਵਾਧਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਿਗਿਆਨਕ ਲੀਹਾਂ ਅਨੁਸਾਰ ਇਹ ਧੰਦਾ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ ਅਤੇ ਇਸ ਦੇ ਮੰਡੀਕਰਨ ਵਿੱਚ ਵੀ ਕੋਈ ਔਕੜ ਨਹੀਂ ਹੈ। ਮੱਛੀ ਪ੍ਰੋਟੀਨ ਭਰਪੂਰ ਖੁਰਾਕ ਹੋਣ ਕਾਰਨ ਇਸ ਨੂੰ ਖੁਰਾਕ ਵਿੱਚ ਸ਼ਾਮਿਲ ਕਰਨਾ ਜਰੂਰੀ ਹੈ। ਇਸ ਕੈਂਪ ਵਿੱਚ ਮੱਛੀ ਪਾਲਣ ਅਤੇ ਮੱਛੀ ਪਾਲਣ ਨਾਲ ਸੰਬੰਧਤ ਸਹਾਇਕ ਕਿੱਤਿਆਂ ਬਾਰੇ ਵੱਖ-ਵੱਖ ਵਿਸ਼ਿਆਂ ਅਤੇ ਸਕੀਮਾਂ ਬਾਰੇ ਵੱਖ-ਵੱਖ ਮਹਿਕਮਿਆਂ ਦੇ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਗਈ।
19 ਫਰਵਰੀ 2025 ਤੋਂ ਸ਼ੁਰੂ ਹੋਈ ਇਹ ਟ੍ਰੇਨਿੰਗ 21 ਫਰਵਰੀ 2025 ਤੱਕ ਚੱਲੇਗੀ। ਦੂਜੇ ਦਿਨ ਸਰਕਾਰੀ ਖਰਚੇ ਤੇ ਬੱਸ ਰਾਹੀਂ ਟ੍ਰੇਨੀਜ਼ ਨੂੰ ਇੱਕ ਅਗਾਂਹ ਵਧੂ ਮੱਛੀ ਪਾਲਕ ਦੇ ਫਿਸ਼ ਫਾਰਮ (ਪਿੰਡ ਮਾਣੇਮਾਜਰਾ, ਸ੍ਰੀ ਚਮਕੌਰ ਸਾਹਿਬ ਰਕਬਾ 30 ਏਕੜ) ਦਾ ਦੌਰਾ ਕਰਵਾਇਆ ਜਾਵੇਗਾ ਅਤੇ ਟ੍ਰੇਨਿੰਗ ਦੇ ਤੀਜੇ ਦਿਨ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਮੱਛੀ ਕਿਸਾਨਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੰਡੇ ਜਾਣਗੇ।