ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ

ਪ੍ਰਕਾਸ਼ਨ ਦੀ ਮਿਤੀ : 12/09/2022
District level tournament under Games Watan Punjab from 12th to 22nd September

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ

22 ਖੇਡਾਂ ਵਿੱਚ ਛੇ ਉਮਰ ਵਰਗਾਂ ਦੇ ਹੋਣਗੇ ਮੁਕਾਬਲੇ

ਰੂਪਨਗਰ, 11 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 22 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਖੇਡਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸਾਕਸ਼ੀ ਦੇ ਮੁਕਾਬਲੇ ਹੋਏ। ਹੁਣ ਇਹਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ ਉਤੇ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ। ਇਨ੍ਹਾਂ ਵਰਗਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ।