ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ

ਪ੍ਰਕਾਸ਼ਨ ਦੀ ਮਿਤੀ : 12/09/2022
Preparations are complete for district level tournament under Kheda Watan Punjab Diyan

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਨਹਿਰੂ ਸਟੇਡੀਅਮ ਵਿਖੇ ਵਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 11 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 22 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕਮੰਲ ਕਰ ਲਈਆਂ ਗਈਆਂ ਹਨ ਤੇ ਕਿਸੇ ਵੀ ਖਿਡਾਰੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਹਿਰੂ ਸਟੇਡੀਅਮ ਵਿਖੇ ਖੇਡਾਂ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਕਿਸੇ ਵੀ ਖਿਡਾਰੀ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਖੇਡਾਂ ਵਿਚ ਭਾਗ ਲੈਣ ਵਾਲਿਆਂ ਲਈ ਖਾਣ-ਪੀਣ, ਦਰਸ਼ਕਾਂ ਦੀ ਆਮਦ, ਸੁਰੱਖਿਆ, ਪਾਰਕਿੰਗ, ਪੀਣ ਵਾਲੇ ਪਾਣੀ, ਪਖਾਨੇ ਅਤੇ ਹੋਰ ਸਾਰੇ ਹੀ ਲੋੜੀਂਦੇ ਪ੍ਰਬੰਧਾਂ ਸਬੰਧੀ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਬਾਸਕਿਟਬਾਲ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਈਲ, ਖੋ-ਖੋ ਅਤੇ ਗੱਤਕਾ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਕਿੱਕ ਬਾਕਸਿੰਗ, ਕਬੱਡੀ ਸਰਕਲ ਸਟਾਇਲ, ਨੈਟ ਬਾਲ, ਸਾਫਟਬਾਲ ਅਤੇ ਹੈਂਡਬਾਲ ਸਰਕਾਰੀ ਕਾਲਜ ਗਰਾਉਂਡ ਰੂਪਨਗਰ ਵਿਖੇ, ਫੁਟਬਾਲ ਖੇਡ ਦੇ ਮੁਕਾਬਲੇ ਫੁਟਬਾਲ ਖੇਡ ਸਟੇਡੀਅਮ ਸ਼ਾਮਪੁਰਾ, ਹਾਕੀ ਦੇ ਮੁਕਾਬਲੇ ਹਾਕਸ ਅਕੈਡਮੀ ਸਮਰਾਲਾ, ਵੇਟ-ਲਿਫਟਿੰਗ ਅਤੇ ਪਾਵਰ ਲਿਫਟਿੰਗ ਖੇਡ ਦੇ ਮੁਕਾਬਲੇ ਸਰਕਾਰੀ.ਸੀ.ਸੈ.ਸਕੂਲ ਭਰਤਗੜ੍ਹ, ਕੁਸ਼ਤੀ ਖੇਡ ਦੇ ਮੁਕਾਬਲੇ ਕੋਚਿੰਗ ਸੈਂਟਰ ਅਕਬਰਪੁਰ, ਰੋਲਰ ਸਕੇਟਿੰਗ ਖੇਡ ਦੇ ਮੁਕਾਬਲੇ ਜੀ.ਐਮ.ਐਨ.ਸ.ਸ. ਸਕੂਲ ਰੂਪਨਗਰ, ਲਾਅਨ ਟੈਨਿਸ ਖੇਡ ਦੇ ਮੁਕਾਬਲੇ ਜ਼ਿਲ੍ਹਾ ਲਾਅਨ ਟੈਨਿਸ ਕੋਰਟ ਰੂਪਨਗਰ, ਬੈਡਮਿੰਟਨ ਖੇਡ ਦੇ ਮੁਕਾਬਲੇ ਸ਼ਿਵਾਲਿਕ ਕਲੱਬ ਰੂਪਨਗਰ, ਟੇਬਲ-ਟੈਨਿਸ ਖੇਡ ਦੇ ਮੁਕਾਬਲੇ ਆਰ.ਟੀ.ਪੀ.ਪਾਵਰ ਕਲੋਨੀ ਰੂਪਨਗਰ, ਤੈਰਾਕੀ ਖੇਡ ਦੇ ਮੁਕਾਬਲੇ ਤੈਰਾਕੀ ਪੂਲ ਰੂਪਨਗਰ ਅਤੇ ਬਾਕਸਿੰਗ ਤੇ ਜੂਡੋ ਖੇਡ ਦੇ ਮੁਕਾਬਲੇ ਸ੍ਰੀ ਦਸਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੀ ਭਾਵਨਾ ਨਾਲ ਇਹਨਾਂ ਖੇਡਾਂ ਵਿਚ ਹਿੱਸਾ ਲੈਣ ਅਤੇ ਪੂਰੀ ਮਿਹਨਤ ਕਰਦਿਆਂ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਣ ਵਿਚ ਯੋਗਦਾਨ ਪਾਉਣ।

ਏ.ਡੀ.ਸੀ (ਵਿਕਾਸ) ਸ. ਦਮਨਜੀਤ ਸਿੰਘ ਮਾਨ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਐਸ.ਡੀ.ਐਮ ਨੰਗਲ ਸ਼੍ਰੀ ਕਿਰਨ ਸ਼ਰਮਾ, ਐਸ.ਪੀ. ਹੈੱਡਕੁਆਰਟਰ ਰਾਜਪਾਲ ਸਿੰਘ ਹੁੰਦਲ, ਸਹਾਇਕ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ, ਕਾਰਜਸਾਧਕ ਅਫਸਰ ਸ. ਅਮਨਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।