ਖੁਰਾਕ ਵੰਡ ਮੰਤਰਾਲੇ ਵੱਲੋਂ ਭੇਜੀ ਟੀਮ ਨੇ ਜ਼ਿਲ੍ਹੇ ਦੀਆਂ ਮੰਡੀਆਂ ‘ਚੋ 11 ਜਾਂਚ ਸੈਂਪਲ ਇਕੱਠੇ ਕੀਤੇ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੁਰਾਕ ਵੰਡ ਮੰਤਰਾਲੇ ਵੱਲੋਂ ਭੇਜੀ ਟੀਮ ਨੇ ਜ਼ਿਲ੍ਹੇ ਦੀਆਂ ਮੰਡੀਆਂ ‘ਚੋ 11 ਜਾਂਚ ਸੈਂਪਲ ਇਕੱਠੇ ਕੀਤੇ
ਹੜ੍ਹਾਂ, ਬੇਮੌਸਮੀ ਬਰਸਾਤ ਅਤੇ ਵੱਖ-ਵੱਖ ਬਿਮਾਰੀਆਂ ਦੀ ਮਾਰ ਹੇਠ ਆਏ ਝੋਨੇ ਦੀ ਗੁਣਵੱਤਾ ਦੀ ਕੀਤੀ ਜਾਵੇਗੀ ਜਾਂਚ
ਰੂਪਨਗਰ, 14 ਅਕਤੂਬਰ: ਪੰਜਾਬ ਸਰਕਾਰ ਦੀ ਮੰਗ ਉੱਤੇ ਭਾਰਤ ਸਰਕਾਰ ਵੱਲੋਂ ਬੀਤੇ ਦਿਨੀ ਪੰਜਾਬ ਭਰ ਵਿੱਚ ਹੜ੍ਹਾਂ, ਬੇਮੌਸਮੀ ਬਰਸਾਤ ਅਤੇ ਵੱਖ-ਵੱਖ ਬਿਮਾਰੀਆਂ ਦੀ ਮਾਰ ਹੇਠ ਆਏ ਝੋਨੇ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਸੇ ਸਿਲਸਿਲੇ ਦੇ ਮੱਦੇਨਜ਼ਰ ਖੁਰਾਕ ਵੰਡ ਮੰਤਰਾਲੇ ਵੱਲੋਂ ਭੇਜੀ ਗਈ ਟੀਮ ਵੱਲੋਂ ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ਰੂਪਨਗਰ, ਬੇਲਾ, ਘਨੌਲੀ ਅਤੇ ਅਬਿਆਣਾ ਵਿਖੇ ਹਲਦੀ ਰੋਗ ਨਾਲ ਨੁਕਸਾਨੇ ਗਏ ਡੈਮੇਜ ਅਤੇ ਡਿਸਕਲਰਡ ਝੋਨੇ ਦੇ ਕੁੱਲ 11 ਜਾਂਚ ਸੈਂਪਲ ਇੱਕਤਰ ਕੀਤੇ ਗਏ।
ਖੁਰਾਕ ਵੰਡ ਮੰਤਰਾਲੇ ਵੱਲੋਂ ਭੇਜੀ ਗਈ ਇਸ ਟੀਮ ਵਿੱਚ ਭਾਰਤ ਸਰਕਾਰ ਦੇ ਨੁਮਾਇੰਦੇ ਸਹਾਇਕ ਡਾਇਰੈਕਟਰ (ਐਸ.ਐਂਡ ਆਰ.) ਸ਼੍ਰੀ ਵਾਈ. ਬੋਆ ਦੇ ਨਾਲ ਡਿਪਟੀ ਡਾਇਰੈਕਟਰ (ਫੀਲਡ), ਖੁਰਾਕ ਸਪਲਾਈਜ਼ ਵਿਭਾਗ ਸ਼੍ਰੀਮਤੀ ਰਜਨੀਸ਼ ਕੌਰ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਪਲਾਈਜ਼ ਸ਼੍ਰੀਮਤੀ ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਸੁਰਿੰਦਰਪਾਲ ਅਤੇ ਸਮੂਹ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਸ਼੍ਰੀ ਬੋਆ ਨੇ ਇਨ੍ਹਾਂ ਮੰਡੀਆਂ ਵਿੱਚ ਮੌਜ਼ੂਦ ਵੱਖ-ਵੱਖ ਕਿਸਾਨਾ, ਆੜ੍ਹਤੀਆਂ ਅਤੇ ਰਾਈਸ ਮਿੱਲਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਸੈਂਪਲਾਂ ਦੇ ਨਤੀਜੇ ਜਲਦ ਹੀ ਪੰਜਾਬ ਸਰਕਾਰ ਨਾਲ ਸਾਂਝੇ ਕਰ ਦਿੱਤੇ ਜਾਣਗੇ।