ਕੰਬਾਇਨ ਮਾਲਕ ਰਾਤ ਸਮੇਂ ਕੰਬਾਇਨਾਂ ਨਾ ਚਲਾਉਣ – ਮੁੱਖ ਮੰਤਰੀ ਫੀਲਡ ਅਫ਼ਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕੰਬਾਇਨ ਮਾਲਕ ਰਾਤ ਸਮੇਂ ਕੰਬਾਇਨਾਂ ਨਾ ਚਲਾਉਣ – ਮੁੱਖ ਮੰਤਰੀ ਫੀਲਡ ਅਫ਼ਸਰ
ਸੁਪਰ ਐਸ.ਐਮ.ਐਸ. ਤੋਂ ਬਿਨਾਂ ਵਾਢੀ ਕਰਨ ਵਾਲੀਆਂ ਕੰਬਾਈਨਾਂ ਉੱਤੇ ਸਖ਼ਤੀ ਕੀਤੀ ਜਾਵੇਗੀ
ਵਾਤਾਵਰਣ ਬਚਾਉਣ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ
ਰੂਪਨਗਰ, 29 ਅਗਸਤ: ਝੋਨੇ ਦੀ ਵਾਢੀ ਤੋਂ ਪਹਿਲਾਂ ਮੁੱਖ ਮੰਤਰੀ ਖੇਤਰੀ ਅਫਸਰ ਰੂਪਨਗਰ ਜਸਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਕੰਬਾਇਨ ਮਾਲਕਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਝੋਨੇ ਦੀ ਖਰੀਦ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 16 ਸਤੰਬਰ ਤੋਂ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਕੰਬਾਇਨ ਮਾਲਕਾਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਕੰਬਾਇਨਾਂ ਸਿਰਫ ਜਾਰੀ ਹੁਕਮਾਂ ਤਹਿਤ ਮਿੱਥੇ ਸਮੇਂ ਦੌਰਾਨ ਹੀ ਚਲਾਈਆਂ ਜਾਣ ਤਾਂ ਜੋ ਝੋਨੇ ਦੀ ਨਮੀ ਨੂੰ ਨਿਰਧਾਰਤ ਸਪੈਸੀਫਿਕੇਸ਼ਨ ਅਨੁਸਾਰ (17 ਫ਼ੀਸਦੀ ਤੋਂ ਘੱਟ) ਰੱਖਿਆ ਜਾ ਸਕੇ। ਜੇਕਰ ਝੋਨੇ ਦੀ ਫਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਖਰੀਦ ਵਿੱਚ ਦਿੱਕਤ ਆਉਂਦੀ ਹੈ। ਕੰਬਾਇਨਾਂ ਦੀ ਮੁਰੰਮਤ ਨਿਰਧਾਰਤ ਬੀ.ਆਈ.ਐੱਸ. ਸਟੈਂਡਰਡ ਅਨੁਸਾਰ ਕਰਵਾਈ ਜਾਵੇ ਤਾਂ ਜੋ ਕਟਾਈ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਸ. ਜਸਜੀਤ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੰਬਾਇਨਾਂ ਦੀ ਵਰਤੋਂ ਤੇ ਚੌਕਸੀ ਰੱਖੀ ਜਾਵੇਗੀ। ਜੇਕਰ ਕੋਈ ਕੰਬਾਇਨ ਨਿਰਧਾਰਤ ਸਮੇਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਉਸ ਕੰਬਾਇਨ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਖੇਤੀਬਾੜੀ ਅਫਸਰ ਰੂਪਨਗਰ ਪੰਕਜ ਸਿੰਘ ਨੇ ਕੰਬਾਇਨਾਂ ਤੇ ਸੁਪਰ ਐੱਸ.ਐੱਮ.ਐੱਸ. ਮਸ਼ੀਨ ਲਗਾ ਕੇ ਹੀ ਵਾਢੀ ਕਰਨ ਲਈ ਕਿਹਾ। ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਬੇਲਰ ਅਤੇ ਰੇਕ ਮਸ਼ੀਨ ਦੀ ਵਰਤੋਂ ਕਰਕੇ ਗੰਢਾਂ ਬਣਵਾਉਣੀਆਂ ਹਨ, ਉਨ੍ਹਾਂ ਕਿਸਾਨਾਂ ਤੋਂ ਲਿਖਤੀ ਰੂਪ ਵਿੱਚ ਅੰਡਰਟੇਕਿੰਗ ਲਈ ਜਾਵੇ ਕਿ ਉਹ ਆਪਣੀ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਸੁਪਰ ਐਸ.ਐਮ.ਐਸ. ਤੋਂ ਛੋਟ ਲੈਣਾ ਚਾਹੁੰਦੇ ਹਨ।
ਕੰਬਾਇਨ ਮਾਲਕ ਸ਼੍ਰੀ ਰਾਜੇਸ਼ ਰਾਣਾ ਪਿੰਡ ਅਗੰਮਪੁਰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ ਕੋਈ ਵੀ ਬੇਲਰ/ਰੇਕ ਮਸ਼ੀਨ ਨਾ ਹੋਣ ਬਾਰੇ ਦੱਸਿਆ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦੇ ਬਲਾਕ ਤੋਂ ਕੋਈ ਵੀ ਅਰਜ਼ੀ ਪ੍ਰਾਪਤ ਨਹੀਂ ਹੋਈ ਹੈ। ਵਿਭਾਗ ਵੱਲੋਂ ਕਸਟਮ ਹਾਈਰਿੰਗ ਸੈਂਟਰ ਤੋਂ ਬੇਲਰ/ਰੇਕ ਮਸ਼ੀਨਾਂ ਉਪਲੱਬਧ ਕਰਵਾਉਣ ਲਈ ਭਰੋਸਾ ਦਿਵਾਇਆ ਗਿਆ।
ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰੂਪਨਗਰ ਕਿੰਮੀ ਵੀਨੀਤ ਕੌਰ ਸੇਠੀ ਨੇ ਕੰਬਾਇਨ ਮਾਲਕਾਂ ਨੂੰ ਕਿਹਾ ਕਿ ਕੰਬਾਇਨ ਹਾਰਵੈਸਟਰ ਕਟਾਈ ਸਿਰਫ ਪੱਕੀ ਹੋਈ ਫਸਲ ਦੀ ਹੀ ਕਰਨ।
ਇਸ ਮੀਟਿੰਗ ਵਿੱਚ ਮਾਲਕਾਂ ਵੱਲੋਂ ਪ੍ਰਧਾਨ ਜੀ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਸਬੰਧੀ ਜ਼ਿਲ੍ਹਾ ਰੂਪਨਗਰ ਵਿੱਚ ਬਾਕੀ ਕੰਬਾਇਨ ਮਾਲਕਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਬੰਧਕ ਮਾਰਕਫੈਡ ਨਵੀਤਾ ਬਘਲਾ, ਸੈਕਟਰੀ ਮਾਰਕਿਟ ਕਮੇਟੀ ਅਸ਼ੋਕ ਕੁਮਾਰ ਅਤੇ ਸਹਾਇਕ ਖੇਤੀਬਾੜੀ ਇੰਜੀ. ਰੂਪਨਗਰ ਜੁਝਾਰ ਸਿੰਘ ਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਲਗਭਗ 15 ਕੰਬਾਇਨ ਨੇ ਭਾਗ ਲਿਆ।