ਬੰਦ ਕਰੋ

ਕੌਮਾਂਤਰੀ ਰੋਜ਼ਗਾਰ ਮੇਲਾ

ਪ੍ਰਕਾਸ਼ਨ ਦੀ ਮਿਤੀ : 26/07/2018

ਕੌਮਾਂਤਰੀ ਰੋਜ਼ਗਾਰ ਮੇਲਾ Advance Press Note Dt 26th July 2018

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਮੁਹਾਲੀ ਵਿਖੇ 30 ਜੁਲਾਈ ਨੂੰ ਲਗਾਇਆ ਜਾਵੇਗਾ ‘ਕੌਮਾਂਤਰੀ ਰੋਜ਼ਗਾਰ ਮੇਲਾ’

ਆਪਣੀ ਕਿਸਮ ਦੇ ਪਹਿਲੇ ਤੇ ਨਵੇਕਲੇ ਅੰਤਰ ਰਾਸ਼ਟਰੀ ਰੋਜ਼ਗਾਰ ਮੇਲੇ ਵਿੱਚ ਵਿਦੇਸ਼ੀ ਕੰਪਨੀਆਂ ਲੈਣਗੀਆਂ ਭਾਗ

ਰੂਪਨਗਰ, 26 ਜੁਲਾਈ-ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜ ਮੋਹਾਲੀ ਵਿਖੇ 30 ਜੁਲਾਈ ਨੂੰ ਆਪਣੀ ਤਰ੍ਹਾਂ ਦਾ ਪਹਿਲਾ ਤੇ ਨਵੇਕਲਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ, ਜਿਸ ਵਿੱਚ 8 ਕੌਮਾਂਤਰੀ ਕੰਪਨੀਆਂ ਵੱਲੋਂ ਪੰਜਾਬ ਦੇ ਨੌਜੁਆਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਡਾ: ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਇਹ ਇੱਕ ਹੋਰ ਸੁਨਹਿਰੀ ਤੇ ਨਵੇਕਲਾ ਉੱਦਮ ਹੈ।ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹੇ ਦੇ ਬੇਰੋਜ਼ਗਾਰ ਲੜਕੇ ਤੇ ਲੜਕੀਆਂ ਨੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਬੇਰੋਜ਼ਗਾਰ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਉਨ੍ਹਾਂ ਦੱਸਿਆ ਕਿ ਇਸ ਕੌਮਾਂਤਰੀ ਮੇਲੇ ਵਿੱਚ ਯੂ.ਕੇ, ਆਇਰਲੈਂਡ, ਦੁਬਈ, ਯੂ.ਏ.ਈ, ਕੁਵੈਤ, ਓਮਾਨ, ਕਤਰ, ਬਹਿਰੀਨ ਅਤੇ ਕੁਝ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਜਿੰਨਾਂ ਵੱਲੋਂ ਲਗਭਗ 4800 ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਲਈ ਚੁਣਿਆਂ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਇਸ ਮੇਲੇ ਵਿੱਚ ਵਿਸ਼ੇਸ਼ ਹੈਲਪ ਡੈਸਕ ਸਥਾਪਤ ਕੀਤੇ ਜਾਣਗੇੇ । ਜਿਸ ’ਤੇ ਸਰਕਾਰੀ ਮੁਲਾਜਮ ਨੌਜਵਾਨਾਂ ਦੀ ਸਹਾਇਤਾ ਲਈ ਮੌਜੂਦ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਯੋਗ ਬੇਰੋਜ਼ਗਾਰ ਨੌਜਵਾਨਾਂ ਨੂੰ ਇੰਟਰਵਿਊ ਦੇ 2 ਗੇੜਾਂ ਵਿੱਚੋਂ ਲੰਘਣਾ ਪਵੇਗਾ। ਪਹਿਲੇ ਰਾਊਂਡ ਵਿੱਚ ਪਾਸ ਹੋਣ ਵਾਲੇ ਯੋਗ ਨੌਜਵਾਨਾਂ ਦੀ ਦੂਜੇ ਗੇੜ ਦੀ ਇੰਟਰਵਿਊ ਲਈ ਜਾਵੇਗੀ ਅਤੇ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਲਈ ਘੱਟੋ ਘੱਟ ਨਿਰਧਾਰਤ ਯੋਗਤਾਵਾਂ ਪੂਰੀਆਂ ਕਰਨਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਇਹ ਅੰਤਰ ਰਾਸ਼ਟਰੀ ਰੋਜ਼ਗਾਰ ਮੇਲਾ, ਹੁਨਰ ਵਿਕਾਸ ਤੇ ਉਦਮੀ ਵਿਭਾਗ, ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਅਤੇ ਸੈਰ ਸਪਾਟਾ ਤੇ ਪ੍ਰਾਹੁਣਾਚਾਰੀ ਹੁਨਰ ਕਾਊਂਸਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਗਾਰ ਲੈਣ ਦੇ ਇਛੁੱਕ ਨੌਜਵਾਨ ਵਿਭਾਗ ਦੀ ਵੈਬਸਾਈਟ http://www.ghargharrozgar.punjab.gov.in ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹੈਲਪ ਲਾਈਨ ਨੰ:7986999981, 7986999982, 7986999983, 7986999984 ਜਾਂ 7986999985 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਕਿ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਇਸ ਅੰਤਰ ਰਾਸ਼ਟਰੀ ਮੇਲੇ ਵਿੱਚ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਵੀ ਮਿਲੇਗਾ ਅਤੇ ਉਹ ਆਪਣੇ ਪੈਰ੍ਹਾਂ ’ਤੇ ਖੜੇ ਹੋ ਸਕਣਗੇ।