ਬੰਦ ਕਰੋ

ਕੇਵਲ ਨੰਗਲ ਵਿਖੇ ਕੱਲ ਸ਼ਾਮ ਵੱਜਣਗੇ ਸਾਇਰਨ ਅਤੇ ਰਾਤ 8 ਤੋਂ 8:10 ਤੱਕ ਹੋਵੇਗਾ ਬਲੈਕ ਆਊਟ- ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 06/05/2025
Sirens will sound only in Nangal tomorrow evening and there will be a blackout from 8 to 8:10 pm - Deputy Commissioner

ਕੇਵਲ ਨੰਗਲ ਵਿਖੇ ਕੱਲ ਸ਼ਾਮ ਵੱਜਣਗੇ ਸਾਇਰਨ ਅਤੇ ਰਾਤ 8 ਤੋਂ 8:10 ਤੱਕ ਹੋਵੇਗਾ ਬਲੈਕ ਆਊਟ- ਡਿਪਟੀ ਕਮਿਸ਼ਨਰ

ਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ

ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ – ਵਰਜੀਤ ਵਾਲੀਆ

ਰੂਪਨਗਰ /ਨੰਗਲ 06 ਮਈ: ਵਰਜੀਤ ਵਾਲੀਆ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੇਵਲ ਨੰਗਲ ਵਿਖੇ ਕੱਲ ਰਾਤ 8 ਵਜੇ ਤੋਂ 8:10 ਸਾਇਰਨ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨੰਗਲ ਵਿਖੇ ਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ।

ਉਨ੍ਹਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜਮੀਨ ਜਾਂ ਜਮੀਨ ਦੋਜ ਬੰਕਰ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰੱਖਤ ਦੇ ਹੇਠਾਂ ਜਾਂ ਖੁੱਲੇ ਦੇ ਵਿੱਚ ਲੰਮੇ ਪੈ ਜਾਣ। ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕਨੈਕਸ਼ਨ ਬੰਦ ਕਰਨ ਅਤੇ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ ਤੇ ਭੋਜਨ ਸਟੋਰ ਰੱਖਣ।

ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੇ ਚੱਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ।

ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਕੱਲ ਰਾਤ 8 ਵਜੇ ਸਾਈਰਨ ਵਜਾ ਕੇ ਇਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ 10 ਮਿੰਟ ਲਈ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।

ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਵੇ। ਉਨ੍ਹਾਂ ਨੇ ਕਿਹਾ ਕਿ ਕੈਮਰਾ ਫਲੈਸ਼ ਜਾਂ ਮੋਬਾਇਲ ਟੋਰਚ ਦੀ ਵਰਤੋਂ ਵੀ ਨਾ ਕੀਤੀ ਜਾਵੇ ਅਤੇ ਇਹ ਇੱਕ ਰੈਗੂਲਰ ਅਭਿਆਸ ਹੈ, ਇਸ ਨਾਲ ਘਬਰਾਉਣ ਦੀ ਬਿਲਕੁੱਲ ਜਰੂਰਤ ਨਹੀ ਹੈ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀਆਂ ਅਫਵਾਹਾ ਤੇ ਬਿਲਕੁੱਲ ਭਰੋਸਾ ਨਾ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ 8 ਵਜੇ ਪਹਿਲਾ ਸਾਈਰਨ ਵੱਜਣ ਨਾਲ ਬਲੈਕ ਆਊਟ ਹੋ ਜਾਵੇਗਾ ਜਿਸ ਦੀ ਸਮਾਂ ਸੀਮਾਂ ਕੁੱਲ 10 ਮਿੰਟ ਤਹਿ ਕੀਤੀ ਗਈ ਹੈ, ਦੂਜਾ ਸਾਈਰਨ 8 ਵੱਜ ਕੇ 10 ਮਿੰਟ ਤੇ ਵਜਾਇਆ ਜਾਵੇਗਾ ਅਤੇ ਬਲੈਕ ਆਊਟ ਖਤਮ ਹੋ ਜਾਵੇਗਾ। ਉਸ ਤੋ ਬਾਅਦ ਲੋਕ ਆਮ ਵਰਗੇ ਜੀਵਨ ਦੀ ਸੁਰੂਆਤ ਕਰ ਲੈਣਗੇ।